ਲਹਿਰਾਗਾਗਾ/ ਮੂਨਕ 11 ਜੁਲਾਈ(ਜਗਦੇਵ ਸਿੰਘ ਜੱਗੀ):ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ “ਲੋਕ ਮਿਲਣੀ” ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਅਤੇ ਸਰਕਾਰ ਵਿਚਕਾਰ ਸਿੱਧਾ ਸੰਪਰਕ ਬਣਾਉਣਾ ਹੈ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਭੁੰਦੜ ਭੈਣੀ, ਸਲੇਮਗੜ੍ਹ ਹਮੀਰਗੜ੍ਹ ,ਸੁਰਜਨ ਭੈਣੀ ਅਤੇ ਮੂਨਕ ਦੇ ਵਾਰਡ ਨੰਬਰ ਸੱਤ ਅਤੇ ਅੱਠ ਅੰਦਰ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਸੰਬੰਧਿਤ ਵਿਭਾਗਾਂ ਨੂੰ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਉਨਾਂ ਇਸ ਮੌਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਹਰ ਇੱਕ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮਾਫ ਕਰਨਾ ,65000 ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣਾ, ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ, ਮਹਿਲਾਵਾਂ ਦੇ ਖਾਤਿਆਂ ਵਿੱਚ ਹਜ਼ਾਰ ਅਤੇ 1500 ਰੁਪਏ ਪ੍ਰਤੀ ਮਹੀਨਾ ਪਾਉਣਾ ਪੰਜਾਬ ਸਰਕਾਰ ਦੇ ਇਤਿਹਾਸਿਕ ਕੰਮ ਹਨ,ਇਸ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਬਦਲਾਅ ਅੱਜ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨਾਂ ਅਕਾਲੀ, ਭਾਜਪਾ ਤੇ ਕਾਂਗਰਸ ਨੂੰ ਫਿਰਕਾਪ੍ਰਸਤ ਪਾਰਟੀਆਂ ਦੱਸਦਿਆ ਕਿਹਾ ਕਿ ਉਕਤ ਪਾਰਟੀਆਂ ਆਪਣਾ ਅੰਦਰੂਨੀ ਕਾਟੋ ਕਲੇਸ਼ ਨਹੀਂ ਨਿਬੇੜ ਸਕਦੀਆਂ ਪੰਜਾਬ ਦਾ ਕੀ ਭਲਾ ਕਰਨਗੀਆਂ। ਵਿਰੋਧੀ ਪਾਰਟੀਆਂ ਨੂੰ ਪੰਜਾਬ ਦਾ ਵਿਕਾਸ ਰਾਸ ਨਹੀਂ ਆ ਰਿਹਾ,ਇਸ ਮੌਕੇ ਮੰਤਰੀ ਗੋਇਲ ਨੇ ਵੱਖ-ਵੱਖ ਪਿੰਡਾਂ ਅੰਦਰ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸੁਣਦਿਆਂ ਉਸ ਦੇ ਹੱਲ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਮੰਤਰੀ ਗੋਇਲ ਨੇ ਲੋਕਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ,ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਗੋਇਲ ਪਰਿਵਾਰ ਦੇ ਦਰਵਾਜੇ 24 ਘੰਟੇ ਖੁਲੇ ਹਨ। ਕੋਈ ਵੀ ਵਿਅਕਤੀ ਜਦੋਂ ਮਰਜ਼ੀ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵੱਖ-ਵੱਖ ਪਿੰਡਾਂ ਅੰਦਰ ਲੋਕਾਂ ਵੱਲੋਂ ਮੰਤਰੀ ਗੋਇਲ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਲੰਟੀਅਰ ਹਾਜ਼ਰ ਸਨ।








