Home ਪੰਜਾਬ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਵਿੱਚ ਸ਼ਾਮਲ...

ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਵਿੱਚ ਸ਼ਾਮਲ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ

Cabinet Minister Aman Arora participates in Kar Seva of the sacred Sarovar at Gurdwara Sri Angitha Sahib.

0
ਸੰਗਰੂਰ, 12 ਅਕਤੂਬਰ, 2026 (ਛਤਰਪਾਲ ਸਿੰਘ) : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਆਰੰਭ ਮੌਕੇ ਨਤਮਸਤਕ ਹੋ ਕੇ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਵਿਖੇ ਕਾਰ ਸੇਵਾ ਦਾ ਹਿੱਸਾ ਬਣਨਾ ਉਨ੍ਹਾਂ ਅਤੇ ਇਲਾਕੇ ਦੀਆਂ ਸੰਗਤਾਂ ਲਈ ਵੱਡੇ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਸ਼ਰਧਾ, ਨਿਮਰਤਾ ਅਤੇ ਸਮਰਪਣ ਨਾਲ ਕੀਤੀ ਜਾ ਰਹੀ ਸੇਵਾ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਨਿਸ਼ਕਾਮ ਸੇਵਾ ਦੇ ਸੰਦੇਸ਼ ਦੀ ਸੁੰਦਰ ਮਿਸਾਲ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰੂ ਘਰ ਮਨੁੱਖ ਨੂੰ ਆਤਮਿਕ ਸਕੂਨ ਦੇਣ ਦੇ ਨਾਲ-ਨਾਲ ਕਿਰਤ ਕਰਨ, ਵੰਡ ਛਕਣ ਅਤੇ ਦੂਜਿਆਂ ਦੀ ਭਲਾਈ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੰਦੇ ਹਨ। ਕਾਰ ਸੇਵਾ ਦੀ ਪਰੰਪਰਾ ਆਪਸੀ ਸਾਂਝ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ, ਜਿੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਹੋਰ ਪੱਕਾ ਕਰਦੇ ਹਨ।
ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਅੰਦਰ ਮਿਹਨਤ, ਸੇਵਾ ਅਤੇ ਸਮਾਜ ਲਈ ਕੁਝ ਚੰਗਾ ਕਰਨ ਦੀ ਅਥਾਹ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਹਵਾਲੇ ਨਾਲ ਸਮੁੱਚੀ ਨੌਜਵਾਨ ਪੀੜ੍ਹੀ ਬਾਰੇ ਨਕਾਰਾਤਮਕ ਧਾਰਨਾ ਬਣਾਉਣਾ ਉਚਿਤ ਨਹੀਂ ਹੈ। ਅੱਜ ਕਾਰ ਸੇਵਾ ਵਿੱਚ ਨੌਜਵਾਨਾਂ ਦਾ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਸਹੀ ਸੇਧ ਅਤੇ ਉਸਾਰੂ ਮੌਕੇ ਮਿਲਣ ’ਤੇ ਉਹ ਸਮਾਜ ਦੀ ਭਲਾਈ ਲਈ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲਿਆਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਗ਼ਲਤ ਪ੍ਰਭਾਵ ਨੌਜਵਾਨਾਂ ਨੂੰ ਕੁਰਾਹੇ ਪਾ ਸਕਦੇ ਹਨ, ਜਦਕਿ ਗੁਰੂ ਘਰ ਦਾ ਸੰਦੇਸ਼ ਉਨ੍ਹਾਂ ਨੂੰ ਸੇਵਾ, ਅਨੁਸ਼ਾਸਨ ਅਤੇ ਪਰਮਾਰਥ ਦੇ ਰਾਹ ਤੋਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀਆਂ ਸਿੱਖਿਆਵਾਂ ਨਾਲ ਜੁੜ ਕੇ ਅਤੇ ਨਿਸ਼ਕਾਮ ਸੇਵਾ ਨੂੰ ਜੀਵਨ ਦਾ ਹਿੱਸਾ ਬਣਾ ਕੇ ਨੌਜਵਾਨ ਆਪਣੇ ਜੀਵਨ ਦੇ ਨਾਲ-ਨਾਲ ਸਮਾਜ ਵਿੱਚ ਵੀ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਾਲ ਇਲਾਕੇ ਦੇ ਪਰਿਵਾਰਾਂ ਦੀ ਡੂੰਘੀ ਸ਼ਰਧਾ ਅਤੇ ਭਾਵਨਾਤਮਕ ਸਾਂਝ ਜੁੜੀ ਹੋਈ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਤੜਕਸਾਰ ਤੋਂ ਹੀ ਵੱਡੀ ਗਿਣਤੀ ਵਿੱਚ ਬਜ਼ੁਰਗ, ਨੌਜਵਾਨ, ਬੱਚੇ ਅਤੇ ਮਾਈਆਂ-ਭੈਣਾਂ ਪੂਰੀ ਸ਼ਰਧਾ ਨਾਲ ਕਾਰ ਸੇਵਾ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੀੜ੍ਹੀਆਂ ਦਾ ਇਕੱਠੇ ਸੇਵਾ ਕਰਨਾ ਬੱਚਿਆਂ ਅਤੇ ਨੌਜਵਾਨਾਂ ਨੂੰ ਸੇਵਾ ਦੀ ਪਰੰਪਰਾ ਨਾਲ ਜੋੜਨ ਦਾ ਵੀ ਅਹਿਮ ਮਾਧਿਅਮ ਹੈ। ਸ੍ਰੀ ਅਮਨ ਅਰੋੜਾ ਨੇ ਸੰਗਤ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਰ ਸੇਵਾ ਵਿੱਚ ਹਰ ਸ਼ਰਧਾਲੂ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਗਤ ਇਕ ਸਾਂਝੇ ਉਦੇਸ਼ ਲਈ ਇਕਜੁੱਟ ਹੋ ਕੇ ਸੇਵਾ ਕਰਦੀ ਹੈ ਤਾਂ ਆਪਸੀ ਪਿਆਰ, ਸਤਿਕਾਰ ਅਤੇ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਇਹੀ ਭਾਵਨਾ ਸਮਾਜ ਦੇ ਹੋਰ ਭਲਾਈ ਕਾਰਜਾਂ ਵਿੱਚ ਵੀ ਲੋਕਾਂ ਨੂੰ ਮਿਲ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਕਾਰ ਸੇਵਾ ਵਿੱਚ ਸ਼ਾਮਲ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਭਨਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਸੇਵਾ ਕਰਨ ਦਾ ਬਲ ਬਖ਼ਸ਼ਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਸਮੁੱਚੀ ਲੋਕਾਈ ਉੱਤੇ ਆਪਣੀ ਮਿਹਰ ਬਣਾਈ ਰੱਖਣ।

Exit mobile version