ਫ਼ਤਿਹਗੜ੍ਹ ਸਾਹਿਬ, 21 ਅਕਤੂਬਰ 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਫੈਕਲਟੀ ਤਰੱਕੀ ਸਮਾਗਮ ਦਾ ਬਰੋਸ਼ਰ ਜਾਰੀ ਕੀਤਾ ਗਿਆ। ਇਹ ਬਰੋਸ਼ਰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਮੁਖੀ ਅਤੇ ਡੀਨ ਪ੍ਰੋ. (ਡਾ.) ਅਮਿਤਾ ਕੌਸ਼ਲ ਤੋਂ ਇਲਾਵਾ ਪ੍ਰੋਗਰਾਮ ਦੀ ਕਨਵੀਨਰ ਡਾ. ਨਵਨੀਤ ਕੌਰ ਅਤੇ ਕੋਆਰਡੀਨੇਟਰ ਡਾ. ਮੋਹਲੀਨ ਕੌਰ ਤੇ ਡਾ. ਕਵਲਜੀਤ ਕੌਰ ਵੀ ਮੌਜੂਦ ਸਨ। ਇਹ ਸਮਗਾਮ 12 ਤੋਂ 19 ਨਵੰਬਰ 2026 ਤੱਕ ਕਰਵਾਇਆ ਜਾਵੇਗਾ। ਇਸ ਦਾ ਵਿਸ਼ਾ “ਸਮਕਾਲੀ ਗਲੋਬਲ ਚੁਣੌਤੀਆਂ ਨਾਲ ਸਬੰਧਤ ਵੱਖ-ਵੱਖ ਕਾਨੂੰਨੀ ਦ੍ਰਿਸ਼ਟੀਕੋਣਾਂ ਨੂੰ ਜੋੜਨਾ: ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪਰਿਪੇਖ” ਹੈ। ਇਸ ਪਹਿਲਕਦਮੀ ਦਾ ਉਦੇਸ਼ ਸਮਕਾਲੀ ਕਾਨੂੰਨੀ ਚੁਣੌਤੀਆਂ ਬਾਰੇ ਅੰਤਰ-ਅਨੁਸ਼ਾਸਨੀ ਖੋਜ, ਅਕਾਦਮਿਕ ਸਹਿਯੋਗ ਅਤੇ ਗਿਆਨ ਦੇ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਮਾਗਮ ਦੌਰਾਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨੂੰਨ, ਮਨੁੱਖੀ ਅਧਿਕਾਰ, ਮੌਸਮੀ ਤਬਦੀਲੀ, ਆਰਟੀਫ਼ਿਸ਼ਲ ਇੰਟੈਲੀਜੈਂਸ, ਸਾਈਬਰ ਪ੍ਰਸ਼ਾਸਨ, ਅੰਤਰਰਾਸ਼ਟਰੀ ਵਪਾਰ, ਵਿਸ਼ਵ ਸੁਰੱਖਿਆ, ਪਰਵਾਸ ਅਤੇ ਵਿਸ਼ਵ ਸਿਹਤ ਪ੍ਰਬੰਧਨ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਸਮਾਗਮ ਅਧਿਆਪਕਾਂ, ਖੋਜਾਰਥੀਆਂ ਅਤੇ ਕਾਨੂੰਨੀ ਖੇਤਰ ਦੇ ਮਾਹਿਰਾਂ ਨੂੰ ਸਮਕਾਲੀ ਕਾਨੂੰਨੀ ਵਿਕਾਸ ਬਾਰੇ ਵਿਚਾਰ ਸਾਂਝੇ ਕਰਨ ਅਤੇ ਆਪਣੀ ਅਧਿਆਪਨ ਤੇ ਖੋਜ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਮੰਚ ਪ੍ਰਦਾਨ ਕਰੇਗਾ।
ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਇਸ ਸਮਾਗਮ ਨਾਲ ਵਿਸ਼ੇਸ਼ ਮਹਿਮਾਨ ਵਜੋਂ ਜੁੜੇ ਹੋਏ ਹਨ। ਡਾ. ਨਵਨੀਤ ਕੌਰ ਸਮਗਾਮ ਦੇ ਕਨਵੀਨਰ ਹਨ, ਜਦਕਿ ਡਾ. ਮੋਹਲੀਨ ਕੌਰ ਅਤੇ ਡਾ. ਕਵਲਜੀਤ ਕੌਰ ਕੋਆਰਡੀਨੇਟਰ ਵਜੋਂ ਇਸ ਦੀਆਂ ਅਕਾਦਮਿਕ ਗਤੀਵਿਧੀਆਂ ਦੀ ਯੋਜਨਾਬੰਦੀ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਅਜਿਹੀਆਂ ਅਕਾਦਮਿਕ ਪਹਿਲਕਦਮੀਆਂ ਰਾਹੀਂ ਕਾਨੂੰਨੀ ਸਿੱਖਿਆ ਵਿੱਚ ਆਲੋਚਨਾਤਮਕ ਸੋਚ, ਵੱਖ-ਵੱਖ ਵਿਸ਼ਿਆਂ ਦੇ ਆਪਸੀ ਸਬੰਧਾਂ ਦੀ ਸਮਝ ਅਤੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਸਮਗਾਮ ਵਿਕਸਤ ਹੋ ਰਹੇ ਕਾਨੂੰਨੀ ਢਾਂਚਿਆਂ ਅਤੇ ਸਮਕਾਲੀ ਆਲਮੀ ਚੁਣੌਤੀਆਂ ਦੀ ਡੂੰਘੀ ਸਮਝ ਵਿਕਸਿਤ ਕਰਨ ਦੇ ਨਾਲ-ਨਾਲ ਅਕਾਦਮਿਕ ਸਹਿਯੋਗ ਨੂੰ ਵੀ ਨਵੀਂ ਸੇਧ ਦੇਣ ਦੀ ਉਮੀਦ ਹੈ।






