ਚੰਡੀਗੜ੍ਹ, 28 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਨਵਜੰਮੇ ਬੱਚਿਆਂ ਅਤੇ ਮਾਵਾਂ ਦੀ ਬਿਹਤਰ ਸਿਹਤ ਅਤੇ ਪੋਸ਼ਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ‘ਸਤਨਪਾਨ ਜਾਗਰੂਕਤਾ‘ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਪਹਿਲਾ ਟੀਕਾ, ਪਹਿਲੀ ਖੁਰਾਕ ਅਤੇ ਪਹਿਲਾ ਪਿਆਰ ਹੈ, ਜੋ ਬੱਚੇ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸਤਨਪਾਨ ਸਿਰਫ਼ ਬੱਚੇ ਲਈ ਹੀ ਨਹੀਂ, ਸਗੋਂ ਮਾਂ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਮਾਂ ਨੂੰ ਮਿਲਣ ਵਾਲੇ ਲਾਭਾਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਤਨਪਾਨ ਨਾਲ ਬੱਚੇਦਾਨੀ (ਗਰਭਾਸ਼ਯ) ਨੂੰ ਜਲਦੀ ਆਮ ਵਾਂਗ ਹੋਣ ਵਿੱਚ ਮਦਦ ਮਿਲਦੀ ਹੈ, ਛਾਤੀ ਅਤੇ ਅੰਡਕੋਸ਼ ਦੇ ਕੈਂਸਰ ਦਾ ਖ਼ਤਰਾ ਘੱਟਦਾ ਹੈ, ਭਾਰ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਇਹ ਮਾਂ ਤੇ ਬੱਚੇ ਦੇ ਵਿਚਕਾਰ ਭਾਵਨਾਤਮਕ ਲਗਾਅ ਨੂੰ ਮਜ਼ਬੂਤ ਕਰਦਾ ਹੈ।
ਇਸ ਤੋਂ ਇਲਾਵਾ ਇਹ ਆਰਥਿਕ ਤੌਰ ‘ਤੇ ਵੀ ਮਦਦਗਾਰ ਹੈ, ਕਿਉਂਕਿ ਮਾਂ ਦਾ ਦੁੱਧ ਹਮੇਸ਼ਾ ਸਾਫ਼-ਸੁਥਰਾ, ਸੁਰੱਖਿਅਤ ਅਤੇ ਆਸਾਨੀ ਨਾਲ ਉਪਲਬਧ ਰਹਿੰਦਾ ਹੈ। ਉੱਥੇ ਹੀ, ਬੱਚੇ ਲਈ ਇਸ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਦਾ ਹੈ, ਦਿਮਾਗ ਦੇ ਵਿਕਾਸ ਵਿੱਚ ਸਹਾਇਕ ਹੁੰਦਾ ਹੈ ਅਤੇ ਹਰ ਪੋਸ਼ਕ ਤੱਤ ਯੋਗ ਮਾਤਰਾ ਵਿੱਚ ਪ੍ਰਦਾਨ ਕਰਦਾ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ, ਜਿਸ ਨਾਲ ਐਲਰਜੀ, ਦਸਤ ਅਤੇ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ, ਅਤੇ ਇਹ ਹਮੇਸ਼ਾ ਸੁਰੱਖਿਅਤ ਤੇ ਤਿਆਰ ਖੁਰਾਕ ਦੇ ਰੂਪ ਵਿੱਚ ਉਪਲਬਧ ਰਹਿੰਦਾ ਹੈ। ਕਦੋਂ ਅਤੇ ਕਿਵੇਂ ਸਤਨਪਾਨ ਕਰਾਇਆ ਜਾਵੇ, ਇਸ ਵਿਸ਼ੇ ‘ਤੇ ਬੁਲਾਰੇ ਨੇ ਵਿਸਥਾਰ ਨਾਲ ਗਾਈਡਲਾਈਨ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਨਮ ਤੋਂ ਤੁਰੰਤ ਬਾਅਦ, ਯਾਨੀ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਸਤਨਪਾਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਸ਼ੁਰੂਆਤੀ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ਼ ਅਤੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। 6 ਮਹੀਨੇ ਪੂਰੇ ਹੋਣ ਤੋਂ ਬਾਅਦ ਢੁਕਵੀਂ ਖੁਰਾਕ ਦੀ ਸ਼ੁਰੂਆਤ ਦੇ ਨਾਲ-ਨਾਲ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਬੱਚੇ ਦੀ 2 ਸਾਲ ਜਾਂ ਉਸ ਤੋਂ ਵੱਧ ਉਮਰ ਤੱਕ ਜਾਰੀ ਰੱਖਿਆ ਜਾ ਸਕਦਾ ਹੈ।
ਸਤਨਪਾਨ ਵਾਲੀਆਂ ਮਾਵਾਂ ਲਈ ਜ਼ਰੂਰੀ ਸੁਝਾਅ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਮਾਵਾਂ ਨੂੰ ਖੁਦ ਸਾਫ਼-ਸੁਥਰਾ ਅਤੇ ਪੋਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਅਤੇ ਪੂਰੀ ਮਾਤਰਾ ਵਿੱਚ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਵਾਂ ਲਈ ਪੂਰਾ ਆਰਾਮ ਕਰਨਾ, ਧੂਮਰਪਾਨ, ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣਾ ਅਤੇ ਸਤਨਪਾਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਤਨਪਾਨ ਵਾਲੀਆਂ ਮਾਵਾਂ ਨੂੰ ਪੂਰਾ ਸਹਿਯੋਗ ਅਤੇ ਉਤਸ਼ਾਹ ਦੇਣ। ਬੁਲਾਰੇ ਨੇ ‘ਮਾਂ ਦਾ ਦੁੱਧ ਅਨਮੋਲ ਹੈ – ਇਸ ਨੂੰ ਅਪਣਾਓ, ਬੱਚੇ ਦਾ ਭਵਿੱਖ ਸੁਰੱਖਿਅਤ ਬਣਾਓ‘ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਜਾਣਕਾਰੀ ਲਈ ਮਹਿਲਾ ਹੈਲਪਲਾਈਨ ਨੰਬਰ 181 ਜਾਂ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗੀ ਵੈਬਸਾਈਟ www.wcdhry.gov.in ‘ਤੇ ਵੀ ਵਿਸਥਾਰਪੂਰਵਕ ਜਾਣਕਾਰੀ ਉਪਲਬਧ ਹੈ।







