ਪਟਿਆਲਾ, 13 ਸਤੰਬਰ, 2026 (ਬਲਜੀਤ ਸਰਨਾ) : ਪਟਿਆਲਾ ਵਿੱਚ ਭਾਰਤੀ ਫੌਜ ਦੇ ਇੱਕ ਜਵਾਨ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਫੌਜੀ ਦੇ ਪਰਿਵਾਰ ਨੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਅਸ਼ੋਕ ਸਿਰਸਵਾਲ ਦੇ ਪੁੱਤਰ ਪੁਨੀਤ ਸਿਰਸਵਾਲ ਸਮੇਤ ਕੁਝ ਨੌਜਵਾਨਾਂ ’ਤੇ ਗੰਭੀਰ ਦੋਸ਼ ਲਗਾਏ ਹਨ। ਦੂਜੇ ਪਾਸੇ ਚੇਅਰਮੈਨ ਅਸ਼ੋਕ ਸਿਰਸਵਾਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦਾਅਵਾ ਕੀਤਾ ਹੈ ਕਿ ਉਲਟਾ ਉਨ੍ਹਾਂ ਦੇ ਪੁੱਤਰ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਫੌਜੀ ਦੀ ਮਾਤਾ ਗੁਰਮੀਤ ਕੌਰ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਮਾਰਚ ਮਹੀਨੇ ਵਿੱਚ ਉਹ ਗੁਰਦੀਪ ਕਲੋਨੀ ਸਥਿਤ ਆਪਣੇ ਘਰ ਦੇ ਬਾਹਰ ਆਪਣੇ ਪੋਤੇ ਅਤੇ ਕੁਝ ਗੁਆਂਢੀ ਮਹਿਲਾਵਾਂ ਨਾਲ ਬੈਠੇ ਸਨ। ਉਨ੍ਹਾਂ ਮੁਤਾਬਕ ਇਸ ਦੌਰਾਨ 12-13 ਨੌਜਵਾਨ ਕਈ ਮੋਟਰਸਾਈਕਲਾਂ ’ਤੇ ਉੱਥੋਂ ਲੰਘ ਰਹੇ ਸਨ ਅਤੇ ਕਥਿਤ ਤੌਰ ’ਤੇ ਹੰਗਾਮਾ ਕਰ ਰਹੇ ਸਨ। ਗੁਰਮੀਤ ਕੌਰ ਨੇ ਦੋਸ਼ ਲਗਾਇਆ ਕਿ ਇੱਕ ਮੋਟਰਸਾਈਕਲ ਉਨ੍ਹਾਂ ਦੇ ਚਾਰ ਸਾਲਾ ਪੋਤੇ ਦੇ ਬਿਲਕੁਲ ਨੇੜੇ ਆ ਗਿਆ, ਜਿਸ ਕਾਰਨ ਉਨ੍ਹਾਂ ਨੇ ਬੱਚੇ ਨੂੰ ਤੁਰੰਤ ਪਿੱਛੇ ਖਿੱਚ ਲਿਆ। ਇਸ ਤੋਂ ਬਾਅਦ ਛੁੱਟੀ ’ਤੇ ਆਏ ਉਨ੍ਹਾਂ ਦੇ ਪੁੱਤਰ, ਜੋ ਭਾਰਤੀ ਫੌਜ ਵਿੱਚ ਜਵਾਨ ਹਨ, ਨੇ ਨੌਜਵਾਨਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ। ਉਨ੍ਹਾਂ ਦੇ ਦੋਸ਼ ਮੁਤਾਬਕ ਇਸ ਦੌਰਾਨ ਫੌਜੀ ’ਤੇ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੇ ਨੱਕ ’ਤੇ ਸੱਟ ਲੱਗੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਟਾਂ-ਪੱਥਰ ਵੀ ਸੁੱਟੇ ਗਏ। ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਨ੍ਹਾਂ ਦੇ ਸਿਰ ’ਤੇ ਵੀ ਇੱਟ ਲੱਗੀ। ਪਰਿਵਾਰ ਵੱਲੋਂ ਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਲਗਾਏ ਗਏ ਹਨ। ਪਰਿਵਾਰ ਮੁਤਾਬਕ ਮਾਮਲੇ ਵਿੱਚ ਉਨ੍ਹਾਂ ਦੀਆਂ ਮੈਡੀਕੋ-ਲੀਗਲ ਰਿਪੋਰਟਾਂ (ਐੱਮ.ਐੱਲ.ਆਰ.) ਵੀ ਕਰਵਾਈਆਂ ਗਈਆਂ ਸਨ, ਪਰ ਉਨ੍ਹਾਂ ਦੀ ਉਮੀਦ ਮੁਤਾਬਕ ਪੁਲਿਸ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਫੌਜੀ ਦੇ ਡਿਊਟੀ ’ਤੇ ਵਾਪਸ ਜਾਣ ਤੋਂ ਬਾਅਦ ਉਸ ਨੂੰ ਧਮਕੀ ਭਰੇ ਫੋਨ ਆਏ। ਪਰਿਵਾਰ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਵੱਲੋਂ ਮਾਮਲੇ ਦੀ ਪੈਰਵੀ ਕਰ ਰਹੇ ਵਕੀਲਾਂ ਨੇ ਵੀ ਪ੍ਰੈਸ ਵਾਰਤਾ ਦੌਰਾਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਅਤੇ ਮਾਮਲੇ ਨਾਲ ਸਬੰਧਤ ਦੱਸੇ ਜਾ ਰਹੇ ਸਬੂਤ ਪੇਸ਼ ਕਰਨ ਦਾ ਦਾਅਵਾ ਕੀਤਾ।
ਚੇਅਰਮੈਨ ਅਸ਼ੋਕ ਸਿਰਸਵਾਲ ਨੇ ਦੋਸ਼ ਨਕਾਰੇ
ਦੂਜੇ ਪਾਸੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਅਸ਼ੋਕ ਸਿਰਸਵਾਲ ਨੇ ਫੌਜੀ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮਾਮਲੇ ਵਿੱਚ ਉਲਟਾ ਉਨ੍ਹਾਂ ਦੇ ਪੁੱਤਰ ਪੁਨੀਤ ਸਿਰਸਵਾਲ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਹ ਵਾਲ-ਵਾਲ ਬਚਿਆ। ਅਸ਼ੋਕ ਸਿਰਸਵਾਲ ਨੇ ਕਿਹਾ ਕਿ ਗਲੀ ਅਤੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਨਾਲ ਹੋਰ ਨੌਜਵਾਨ ਮੌਜੂਦ ਸਨ ਅਤੇ ਉਨ੍ਹਾਂ ਕੋਲ ਹਥਿਆਰ ਸਨ ਤਾਂ ਸੀਸੀਟੀਵੀ ਫੁਟੇਜ ਸਾਹਮਣੇ ਕਿਉਂ ਨਹੀਂ ਲਿਆਂਦੀ ਜਾ ਰਹੀ। ਚੇਅਰਮੈਨ ਨੇ ਫੌਜੀ ਦੇ ਪਰਿਵਾਰ ’ਤੇ ਵੀ ਦਹਿਸ਼ਤ ਫੈਲਾਉਣ ਦੇ ਦੋਸ਼ ਲਗਾਏ ਅਤੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਗੈਂਗਸਟਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਦਾ ਪੁੱਤਰ ਬਾਸਕਟਬਾਲ ਖਿਡਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਪੁਲਿਸ ’ਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਜਾਂਦਾ ਤਾਂ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਨਾ ਹੁੰਦਾ। ਉਨ੍ਹਾਂ ਪੁਲਿਸ ’ਤੇ ਦਬਾਅ ਬਣਾਉਣ ਦੇ ਦੋਸ਼ਾਂ ਨੂੰ ਵੀ ਰੱਦ ਕੀਤਾ।
ਪੁਲਿਸ ਜਾਂਚ ਤੋਂ ਬਾਅਦ ਸਥਿਤੀ ਹੋਵੇਗੀ ਸਪੱਸ਼ਟ
ਫਿਲਹਾਲ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਦੋਵੇਂ ਪੱਖਾਂ ਨੇ ਆਪਣੇ-ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਸਬੂਤ ਹੋਣ ਦੀ ਗੱਲ ਕਹੀ ਹੈ। ਮਾਮਲੇ ਦੀ ਅਸਲ ਤਸਵੀਰ ਪੁਲਿਸ ਜਾਂਚ, ਸੀਸੀਟੀਵੀ ਫੁਟੇਜ ਅਤੇ ਹੋਰ ਉਪਲਬਧ ਸਬੂਤਾਂ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।
