ਪਟਿਆਲਾ 17 ਅਗਸਤ, 2026 (ਦੀਪਕ ਦੱਤਾ) : ਹਲਕਾ ਪਟਿਆਲਾ ਦਿਹਾਤੀ ਵਿੱਚ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਪਾਰਟੀ ਵਲੋਂ ਸ਼ੁਰੂ ਕੀਤੀ ਮੁਹਿੰਮ ‘ਹਰ ਬੂਥ ਕਾਂਗਰਸ ਮਜ਼ਬੂਤ’ ਤਹਿਤ ਸ਼੍ਰੀ ਮੋਹਿਤ ਮੋਹਿੰਦਰਾ ਦੀ ਅਗਵਾਈ ਹੇਠ ਵਿੱਢੀ ਗਈ ਮੁਹਿੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸ਼ਹਿਰ ਦੇ ਪ੍ਰਮੁੱਖ ਖੇਤਰ ਤ੍ਰਿਪੜੀ ਦੇ ਵੱਖ-ਵੱਖ ਮੰਡਲਾਂ ਅਤੇ ਵਾਰਡਾਂ ਵਿੱਚ ਲੜੀਵਾਰ ਬੂਥ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਥਾਨਕ ਆਗੂਆਂ, ਸਰਗਰਮ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਪੰਜਾਬ ਦਾ ਹਰ ਵਰਗ, ਵਪਾਰੀ, ਕਿਸਾਨ, ਮਜ਼ਦੂਰ ਅਤੇ ਨੌਜਵਾਨ ਅੱਜ ਕਾਂਗਰਸ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜਨਤਾ ਦੇ ਭਰਪੂਰ ਸਮਰਥਨ ਸਦਕਾ ਸਾਲ 2027 ਵਿੱਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਲੋਕ-ਪੱਖੀ ਅਤੇ ਵਿਕਾਸ-ਮੁਖੀ ਸਰਕਾਰ ਬਣੇਗੀ।
ਮੋਹਿਤ ਮੋਹਿੰਦਰਾ ਨੇ ਵਰਕਰਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਕਿਹਾ ਕਿ ਕਿਸੇ ਵੀ ਚੋਣ ਜਾਂ ਲਹਿਰ ਵਿੱਚ ਬੂਥ ਪੱਧਰ ਦੇ ਵਰਕਰ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਉਨ੍ਹਾਂ ਸਮੂਹ ਮੰਡਲ ਅਤੇ ਬੂਥ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਵੋਟਰ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਬੂਥ ਪੱਧਰ ‘ਤੇ ਮਜ਼ਬੂਤੀ ਨਾਲ ਹੀ ਕਿਸੇ ਵੀ ਤਾਨਾਸ਼ਾਹੀ ਨੀਤੀ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕਦਾ ਹੈ।
ਇਸ ਮੌਕੇ ਤ੍ਰਿਪੜੀ ਖੇਤਰ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਾਜ਼ਰ ਆਗੂਆਂ ਨੇ ਮੋਹਿਤ ਮੋਹਿੰਦਰਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇੱਕਜੁੱਟ ਹੋ ਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣਗੇ। ਮੀਟਿੰਗਾਂ ਦੌਰਾਨ ਨਰੇਸ਼ ਦੁੱਗਲ ਜਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਹਰਵਿੰਦਰ ਸ਼ੁਕਲਾ ਬਲਾਕ ਪ੍ਰਧਾਨ ਤ੍ਰਿਪੜੀ ਤੋਂ ਇਲਾਵਾ ਵੱਖ ਵੱਖ ਮੰਡਲਾ ਦੇ ਪ੍ਰਧਾਨ ਤੇ ਵਰਕਰ, ਬਲਾਕ ਪ੍ਰਧਾਨ, ਬੂਥ ਇੰਚਾਰਜ, ਯੂਥ ਆਗੂ ਅਤੇ ਸੀਨੀਅਰ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
