ਪਣਜੀ (ਗੋਆ), 6 ਅਗਸਤ, 2026 (ਜਗਦੇਵ ਸਿੰਘ ਜੱਗੀ) : ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ 2013 ਦੇ ਬਹੁਚਰਚਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਦੋਸ਼ੀ ਕਰਾਰ ਦਿੰਦਿਆਂ ਗੋਆ ਸੈਸ਼ਨ ਅਦਾਲਤ ਵੱਲੋਂ 2021 ਵਿੱਚ ਦਿੱਤੇ ਗਏ ਬਰੀ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।
ਇਹ ਮਾਮਲਾ ਇੱਕ ਮਹਿਲਾ ਪੱਤਰਕਾਰ ਦੀ ਸ਼ਿਕਾਇਤ ਨਾਲ ਜੁੜਿਆ ਹੈ, ਜਿਸ ਨੇ ਦੋਸ਼ ਲਗਾਇਆ ਸੀ ਕਿ ਨਵੰਬਰ 2013 ਵਿੱਚ ਇੱਕ ਹੋਟਲ ਦੀ ਲਿਫਟ ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ 30 ਨਵੰਬਰ 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗੋਆ ਸਰਕਾਰ ਨੇ 2021 ਵਿੱਚ ਸੈਸ਼ਨ ਅਦਾਲਤ ਵੱਲੋਂ ਦਿੱਤੇ ਗਏ ਬਰੀ ਕਰਨ ਦੇ ਫੈਸਲੇ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਮਾਮਲੇ ਦੇ ਸਬੂਤਾਂ ਅਤੇ ਦਲੀਲਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੇਠਲੀ ਅਦਾਲਤ ਦੇ ਫੈਸਲੇ ਨੂੰ ਗਲਤ ਮੰਨਦੇ ਹੋਏ ਉਸ ਨੂੰ ਰੱਦ ਕਰ ਦਿੱਤਾ।
ਮਾਮਲੇ ਦੀ ਜਾਂਚ ਕਰਨ ਵਾਲੀ ਸਾਬਕਾ ਜਾਂਚ ਅਧਿਕਾਰੀ ਸੁਨੀਤਾ ਸਾਵੰਤ ਨੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਟਰਾਇਲ ਕੋਰਟ ਨੇ ਸਬੂਤਾਂ ਦਾ ਸਹੀ ਮੁਲਾਂਕਣ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਕੱਠੇ ਕੀਤੇ ਸਾਰੇ ਸਬੂਤ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਸਨ ਅਤੇ ਹੁਣ ਹਾਈ ਕੋਰਟ ਨੇ ਉਨ੍ਹਾਂ ਨੂੰ ਧਿਆਨ ਨਾਲ ਵੇਖਦਿਆਂ ਸਹੀ ਫੈਸਲਾ ਸੁਣਾਇਆ ਹੈ।
ਗੋਆ ਦੇ ਐਡਵੋਕੇਟ ਜਨਰਲ ਦੇਵੀਦਾਸ ਪੰਗਮ ਨੇ ਵੀ ਇਸ ਫੈਸਲੇ ਨੂੰ ਨਿਆਂ ਅਤੇ ਸਬੂਤਾਂ ‘ਤੇ ਆਧਾਰਿਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਪੀੜਤਾ ਨੂੰ ਇਨਸਾਫ਼ ਮਿਲਿਆ ਹੈ ਅਤੇ ਨਿਆਂ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ। ਹਾਈ ਕੋਰਟ ਨੇ ਸਜ਼ਾ ਦੀ ਮਿਆਦ ‘ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਵੀ ਸੁਣ ਲਈਆਂ ਹਨ। ਸਜ਼ਾ ਦਾ ਐਲਾਨ ਵੱਖਰੇ ਹੁਕਮ ਰਾਹੀਂ ਕੀਤਾ ਜਾਵੇਗਾ।







