Home ਪੰਜਾਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਲੰਧਰ ਦੇ ਕੁਝ ਸਕੂਲਾਂ ਨੂੰ ਬੰਬ...

ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਲੰਧਰ ਦੇ ਕੁਝ ਸਕੂਲਾਂ ਨੂੰ ਬੰਬ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ

Security tightened in Jalandhar after bomb threat emails to schools ahead of Amit Shah’s rally.

0

ਜਲੰਧਰ, 30 ਸਤੰਬਰ, 2026 (ਚੌਧਰੀ ਪ੍ਰਭਜੀਤ ਸਿੰਘ): ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਗਈ ਨਸ਼ਾ ਮੁਕਤ ਯਾਤਰਾ ਦੇ ਸਮਾਪਤੀ ਸਮਾਗਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਜਲੰਧਰ ਵਿੱਚ ਕੀਤੀ ਜਾਣ ਵਾਲੀ ਰੈਲੀ ਤੋਂ ਪਹਿਲਾਂ ਸ਼ਹਿਰ ਦੇ ਕੁਝ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ ਅਤੇ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਵਿੱਚ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਪ੍ਰੋਗਰਾਮ ਮੁਤਾਬਕ ਉਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਦਮਪੁਰ ਹਵਾਈ ਅੱਡੇ ’ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਸ੍ਰੀ ਦੇਵੀ ਤਾਲਾਬ ਮੰਦਰ ਜਾਣਗੇ, ਜਿੱਥੇ ਉਹ ਮੱਥਾ ਟੇਕਣਗੇ। ਹੈਲੀਕਾਪਟਰ ਦੇ ਐਲ.ਆਰ. ਦੋਆਬਾ ਸਕੂਲ ਦੇ ਮੈਦਾਨ ਵਿੱਚ ਉਤਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਸ੍ਰੀ ਦੇਵੀ ਤਾਲਾਬ ਮੰਦਰ ਕੰਪਲੈਕਸ ਵਿੱਚ ਅਮਿਤ ਸ਼ਾਹ ਵੱਲੋਂ ਤ੍ਰਿਪੁਰਮਾਲਿਨੀ ਮੰਦਰ ਵਿੱਚ ਵੀ ਮੱਥਾ ਟੇਕਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਉਹ ਲਗਭਗ ਦੁਪਹਿਰ 2 ਵਜੇ ਰੈਲੀ ਵਾਲੀ ਥਾਂ ’ਤੇ ਪਹੁੰਚਣਗੇ। ਇਸ ਦੌਰਾਨ ਸਕੂਲਾਂ ਨੂੰ ਮਿਲੀਆਂ ਬੰਬ ਧਮਾਕੇ ਦੀਆਂ ਧਮਕੀ ਵਾਲੀਆਂ ਈ-ਮੇਲਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਵੱਖ-ਵੱਖ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਨ੍ਹਾਂ ਧਮਕੀਆਂ ਨੂੰ ਹੋਕਸ (ਝੂਠੀ ਧਮਕੀ) ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਕਿਸੇ ਵੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ। ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ਸ਼ਹਿਰ ਵਿੱਚ ਪਹਿਲਾਂ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਕੂਲਾਂ ਨੂੰ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਧਮਕੀ ਭੇਜਣ ਵਾਲੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

 

Exit mobile version