Home ਸੰਸਾਰ ਕਰਿਬਾ ਝੀਲ ’ਚ ਕਿਸ਼ਤੀ ਪਲਟੀ, 15 ਮੌਤਾਂ; 27 ਲਾਪਤਾ

ਕਰਿਬਾ ਝੀਲ ’ਚ ਕਿਸ਼ਤੀ ਪਲਟੀ, 15 ਮੌਤਾਂ; 27 ਲਾਪਤਾ

Boat tragedy in Lake Kariba leaves 15 dead and 27 missing as rescue teams continue operations.

0

ਹਰਾਰੇ, 12 ਅਗਸਤ, 2026 (ਹਰਸ਼ਪ੍ਰੀਤ ਕੌਰ) : ਜ਼ਿੰਬਾਬਵੇ ਦੀ ਕਰਿਬਾ ਝੀਲ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦਕਿ 27 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿੰਬਾਬਵੇ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਵੱਲੋਂ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਜਿਸ ਕਿਸ਼ਤੀ ਦੀ ਸਮਰੱਥਾ ਲਗਭਗ 90 ਲੋਕਾਂ ਨੂੰ ਲਿਜਾਣ ਦੀ ਸੀ, ਉਸ ’ਤੇ ਇਸ ਤੋਂ ਵੱਧ ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ 77 ਲੋਕਾਂ ਨੂੰ ਸੁਰੱਖਿਅਤ ਬਚਾ ਕੇ ਝੀਲ ਦੇ ਇੱਕ ਛੋਟੇ ਟਾਪੂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਨੂੰ ਉੱਥੋਂ ਵਾਪਸ ਲਿਆਉਣ ਲਈ ਬਚਾਅ ਕਿਸ਼ਤੀਆਂ ਭੇਜੀਆਂ ਗਈਆਂ ਹਨ।

ਕਿਸ਼ਤੀ ’ਚ 119 ਲੋਕਾਂ ਦੇ ਸਵਾਰ ਹੋਣ ਦੀ ਜਾਣਕਾਰੀ

ਜ਼ਿੰਬਾਬਵੇ ਦੀ ਸਿਵਲ ਪ੍ਰੋਟੈਕਸ਼ਨ ਯੂਨਿਟ ਦੇ ਅਨੁਸਾਰ, ਟਿਕਟਾਂ ਦੀ ਵਿਕਰੀ ਦੇ ਰਿਕਾਰਡ ਮੁਤਾਬਕ ਕਿਸ਼ਤੀ ’ਚ 114 ਬਾਲਗ ਯਾਤਰੀ ਅਤੇ 5 ਚਾਲਕ ਦਲ ਦੇ ਮੈਂਬਰ ਸਵਾਰ ਸਨ। ਅਧਿਕਾਰੀਆਂ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਕਿਸ਼ਤੀ ’ਚ ਅਜਿਹੇ ਬੱਚੇ ਵੀ ਹੋ ਸਕਦੇ ਹਨ, ਜਿਨ੍ਹਾਂ ਲਈ ਟਿਕਟ ਦੀ ਲੋੜ ਨਹੀਂ ਹੁੰਦੀ ਸੀ।ਸਰਕਾਰੀ ਪ੍ਰਸਾਰਕ ZBC ਵੱਲੋਂ ਜਾਰੀ ਵੀਡੀਓ ਵਿੱਚ ਕਈ ਤੇਜ਼ ਰਫ਼ਤਾਰ ਕਿਸ਼ਤੀਆਂ ਨੂੰ ਹਾਦਸੇ ਵਾਲੀ ਥਾਂ ਵੱਲ ਜਾਂਦੇ ਦੇਖਿਆ ਗਿਆ। ਘਟਨਾ ਸਥਾਨ ਦੇ ਉੱਪਰ ਇੱਕ ਹੈਲੀਕਾਪਟਰ ਵੀ ਬਚਾਅ ਕਾਰਜਾਂ ਵਿੱਚ ਲੱਗਾ ਨਜ਼ਰ ਆਇਆ।

ਆਫ਼ਤ ਐਲਾਨਣ ਦੀ ਸਿਫਾਰਸ਼

ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਨੇ ਇਸ ਘਟਨਾ ਨੂੰ ਅਧਿਕਾਰਤ ਤੌਰ ’ਤੇ ਆਫ਼ਤ ਘੋਸ਼ਿਤ ਕਰਨ ਦੀ ਸਿਫਾਰਸ਼ ਕੀਤੀ ਹੈ। ਲਾਪਤਾ ਲੋਕਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ। ਕਰਿਬਾ ਝੀਲ ਜ਼ਿੰਬਾਬਵੇ ਅਤੇ ਜ਼ਾਮਬੀਆ ਦੋਵਾਂ ਵਿੱਚ ਫੈਲੀ ਹੋਈ ਹੈ। ਦੋਵੇਂ ਦੇਸ਼ਾਂ ਦਰਮਿਆਨ ਅਧਿਕਾਰਤ ਸਰਹੱਦ ਵੀ ਇਸ ਝੀਲ ਦੇ ਵਿਚਕਾਰੋਂ ਲੰਘਦੀ ਹੈ। ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

 

Exit mobile version