ਮੋਗਾ, 10 ਜੁਲਾਈ (ਦੀਪਕ ਦੱਤਾ): ਕਸਬਾ ਸਮਾਲਸਰ ਦੇ ਨਜ਼ਦੀਕੀ ਪਿੰਡ ਰੋਡੇ ਵਿਖੇ ਇੱਕ ਕਲਯੁੱਗੀ ਪੁੱਤਰ ਵੱਲੋਂ ਆਪਣੇ ਹੀ ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਪਿਓ-ਪੁੱਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜੋ ਐਨੀ ਵਧ ਗਈ ਕਿ ਗੁੱਸੇ ਵਿੱਚ ਆਏ ਪੁੱਤਰ ਨੇ ਪਿਤਾ ਦੇ ਸਿਰ ਵਿੱਚ ਲੋਹੇ ਦੀ ਸੱਬਲ ਮਾਰ ਦਿੱਤੀ। ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਬਾਘਾਪੁਰਾਣਾ ਦੇ ਡੀ.ਐੱਸ.ਪੀ. ਜਸਵਿੰਦਰ ਸਿੰਘ ਖਹਿਰਾ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਦੀ ਮੌਰਚਰੀ (ਮੁਰਦਾਘਰ) ਵਿੱਚ ਰਖਵਾ ਦਿੱਤਾ ਹੈ। ਡੀ.ਐੱਸ.ਪੀ. ਖਹਿਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੇਹਰਜੀਤ ਸਿੰਘ ਵਜੋਂ ਹੋਈ ਹੈ, ਜੋ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਉਸ ਦਾ ਆਪਣੇ ਪੁੱਤਰ ਲਵਪ੍ਰੀਤ ਸਿੰਘ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਲਵਪ੍ਰੀਤ ਨੇ ਇਸ ਖ਼ੌਫ਼ਨਾਕ ਕਦਮ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
