ਭਿੱਖੀਵਿੰਡ, 10 ਜੁਲਾਈ (ਜਗਦੇਵ ਰੰਚਨਾ) : ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਦੀ ਖ਼ਾਤਰ ਕੈਨੇਡਾ ਗਏ ਭਿੱਖੀਵਿੰਡ ਦੇ ਨਜ਼ਦੀਕੀ ਪਿੰਡ ਚੇਲਾ ਦੇ 33 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਸਰੀ ਸ਼ਹਿਰ ਵਿੱਚ ਅਚਾਨਕ ਮੌਤ ਹੋ ਗਈ। ਇਸ ਖ਼ਬਰ ਦੇ ਪਿੰਡ ਪਹੁੰਚਦਿਆਂ ਹੀ ਪੂਰੇ ਇਲਾਕੇ ਵਿੱਚ ਸੋਕ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਿਲੀ ਜਾਣਕਾਰੀ ਮੁਤਾਬਕ, ਸਤਨਾਮ ਸਿੰਘ ਦੇ ਪਿਤਾ ਗੁਰਸਾਹਿਬ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਮਾਲੀ ਹਾਲਤ ਸੁਧਾਰਨ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਸਤਨਾਮ ਸਿੰਘ ਵੱਡੇ ਚਾਅਵਾਂ ਨਾਲ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਦਿਨ-ਰਾਤ ਸਖ਼ਤ ਮਿਹਨਤ-ਮਜ਼ਦੂਰੀ ਕਰਕੇ ਪਿੱਛੇ ਪੰਜਾਬ ਰਹਿੰਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਂ, ਪਤਨੀ ਅਤੇ ਦੋ ਮਾਸੂਮ ਪੁੱਤਰ ਛੱਡ ਗਿਆ ਹੈ। ਇਸ ਦੁਖਦਾਈ ਘੜੀ ਵਿੱਚ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਤੁਰੰਤ ਮਦਦ ਕੀਤੀ ਜਾਵੇ।
