ਚੰਡੀਗੜ੍ਹ, 3 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸੂਬੇ ਵਿੱਚ ਚਲਾਈ ਜਾ ਰਹੀ ਸੇਵਾ ਸੰਕਲਪ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਜ਼ਿਲ੍ਹਾ ਹਿਸਾਰ ਦੇ ਬਰਵਾਲਾ ਵਿੱਚ ਨਾਗਰਿਕ ਭਾਈਵਾਲੀ ਸਸ਼ਕਤੀਕਰਨ ਅਤੇ ਸੇਵਾ ਵੰਡ ਪ੍ਰੋਗਰਾਮ ਵਿੱਚ ਮੁੱਖ ਮਹਿਤ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਸਵੈ-ਇੱਛੁਕ ਖੂਨਦਾਨ ਕੈਂਪ ਦਾ ਮੁਆਇਨਾ ਕੀਤਾ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਤੇ ਖੂਨਦਾਨੀਆਂ ਦਾ ਹੌਸਲਾ ਵਧਾਇਆ। ਖੂਨਦਾਨੀਆਂ ਦੀ ਸੇਵਾ ਦੀ ਭਾਵਨਾ ਨੂੰ ਨਮਨ ਕਰਦਿਆਂ ਉਨ੍ਹਾਂ ਕਿਹਾ, ‘‘ਖੂਨਦਾਨ ਮਹਾਦਾਨ ਹੈ। ਖੂਨ ਦੀ ਇੱਕ-ਇੱਕ ਬੂੰਦ ਰਾਹੀਂ ਲੋੜਵੰਦਾਂ ਦੀ ਜਾਨ ਬਚਾਉਣ ਵਿੱਚ ਆਪਣਾ ਅਮੁੱਲ ਯੋਗਦਾਨ ਪਾਉਣ ਵਾਲੇ ਸਾਰੇ ਖੂਨਦਾਨੀ ਸਮਾਜ ਵਿੱਚ ਸਭ ਤੋਂ ਪਵਿੱਤਰ ਅਤੇ ਪੁੰਜ ਦਾ ਕਾਰਜ ਕਰ ਰਹੇ ਹਨ।’’ ਇਸ ਮੌਕੇ ਕੈਬਨਿਟ ਮੰਤਰੀ ਨੇ ਮੌਜੂਦ ਸਾਰੇ ਅਧਿਕਾਰੀਆਂ, ਪਤਵੰਤੇ ਨਾਗਰਿਕਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਰਹਿਣ ਅਤੇ “ਬੇਟੀ ਬਚਾਓ” ਦੇ ਸੰਕਲਪ ਦੀ ਸਮੂਹਿਕ ਸਹੁੰ ਚੁਕਾਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਸਮਾਜਿਕ ਬੁਰਾਈ ਤੋਂ ਦੂਰ ਰੱਖਦਿਆਂ ਇੱਕ ਸਿਹਤਮੰਦ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਕਰਨਾ ਸਾਡੀ ਤਰਜੀਹ ਹੈ। ਇਸ ਦੇ ਨਾਲ ਹੀ, ਧੀਆਂ ਦੇ ਸਨਮਾਨ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਸਮੂਹਿਕ ਤੌਰ ‘ਤੇ ਜ਼ਿੰਮੇਵਾਰੀ ਚੁੱਕ ਕੇ ਅੱਗੇ ਵਧਣਾ ਹੋਵੇਗਾ।







