Home ਧਰਮ ਭਾਈ ਜੈਤਾ ਜੀ ਦੀ ਸ਼ਹਾਦਤ ਤੇ ਸੇਵਾ ਨੂੰ ਮਿਲੇਗਾ ਸਥਾਈ ਸਨਮਾਨ, ਬਣੇਗੀ...

ਭਾਈ ਜੈਤਾ ਜੀ ਦੀ ਸ਼ਹਾਦਤ ਤੇ ਸੇਵਾ ਨੂੰ ਮਿਲੇਗਾ ਸਥਾਈ ਸਨਮਾਨ, ਬਣੇਗੀ ਯਾਦਗਾਰ

0

ਧਾਰਮਿਕ:14ਜੁਲਾਈ (ਛਤਰਪਾਲ ਸਿੰਘ): ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਯੋਧੇ ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਰੰਗਰੇਟਾ) ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇੱਕ ਵਿਸ਼ੇਸ਼ ਯਾਦਗਾਰ ਸਥਾਪਤ ਕਰਨ ਦੀ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਰਾਸਤ-ਏ-ਖਾਲਸਾ, ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਅਹਿਮ ਮੀਟਿੰਗ ਕਰਵਾਈ ਗਈ, ਜਿਸ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਵੱਖ-ਵੱਖ ਸ਼ਖਸੀਅਤਾਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਉਸ ਸਥਾਨ ਦਾ ਜਾਇਜ਼ਾ ਲਿਆ ਗਿਆ ਜਿੱਥੇ ਭਾਈ ਜੈਤਾ ਜੀ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਪ੍ਰਸਤਾਵ ਹੈ। ਅਧਿਕਾਰੀਆਂ ਨੇ ਪ੍ਰੋਜੈਕਟ ਨਾਲ ਜੁੜੀਆਂ ਸੰਭਾਵਨਾਵਾਂ ਅਤੇ ਲੋੜੀਂਦੇ ਢਾਂਚਾਗਤ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਜਾਣਕਾਰੀ ਅਨੁਸਾਰ, ਯਾਦਗਾਰ ਵਿੱਚ ਭਾਈ ਜੈਤਾ ਜੀ ਦੇ ਜੀਵਨ, ਉਨ੍ਹਾਂ ਦੀ ਕੁਰਬਾਨੀ ਅਤੇ ਸਿੱਖ ਇਤਿਹਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਆਧੁਨਿਕ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਇਤਿਹਾਸ ਨਾਲ ਜੋੜਨ ਲਈ ਆਡੀਓ-ਵਿਜ਼ੂਅਲ ਸਹੂਲਤਾਂ ਅਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਕੇਂਦਰ ਬਣਾਉਣ ਦੀ ਯੋਜਨਾ ਵੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਯਾਦਗਾਰ ਦਾ ਡਿਜ਼ਾਇਨ ਤਿਆਰ ਕਰਨ ਲਈ ਮਾਹਿਰ ਆਰਕੀਟੈਕਟਾਂ ਦੀ ਸੇਵਾ ਲਈ ਜਾਵੇਗੀ ਤਾਂ ਜੋ ਇਹ ਪ੍ਰੋਜੈਕਟ ਇਤਿਹਾਸਕ ਮਹੱਤਤਾ ਦੇ ਅਨੁਕੂਲ ਅਤੇ ਆਕਰਸ਼ਕ ਰੂਪ ਵਿੱਚ ਤਿਆਰ ਹੋ ਸਕੇ।

ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਹ ਯਾਦਗਾਰ ਨਾ ਸਿਰਫ਼ ਸਿੱਖ ਇਤਿਹਾਸ ਨੂੰ ਸੰਭਾਲਣ ਵਿੱਚ ਮਦਦਗਾਰ ਸਾਬਤ ਹੋਵੇਗੀ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਈ ਜੈਤਾ ਜੀ ਦੀ ਬੇਮਿਸਾਲ ਸੇਵਾ ਅਤੇ ਸਮਰਪਣ ਬਾਰੇ ਜਾਣੂ ਕਰਵਾਉਣ ਦਾ ਵੀ ਮਹੱਤਵਪੂਰਨ ਕੇਂਦਰ ਬਣੇਗੀ। ਪ੍ਰੋਜੈਕਟ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਲਈ ਜਲਦ ਹੀ ਅਗਲੀ ਮੀਟਿੰਗ ਕੀਤੀ ਜਾਵੇਗੀ।

Exit mobile version