ਭਵਿੱਖ ਦੀ ਸਿੱਖਿਆ: ਤਕਨੀਕੀ ਹੁਨਰ ਜਾਂ ਰਵਾਇਤੀ ਡਿਗਰੀ?
ਅੱਜ ਦਾ ਵਿਦਿਆਰਥੀ ਸਿਰਫ਼ ਇਮਤਿਹਾਨ ਪਾਸ ਕਰਨ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰ ਰਿਹਾ, ਸਗੋਂ ਉਸ ਨੂੰ ਅਜਿਹੇ ਭਵਿੱਖ ਲਈ ਤਿਆਰ ਹੋਣਾ ਪੈ ਰਿਹਾ ਹੈ, ਜਿਸ ਵਿੱਚ ਰੁਜ਼ਗਾਰ, ਕੰਮ ਕਰਨ ਦੇ ਢੰਗ ਅਤੇ ਲੋੜੀਂਦੇ ਹੁਨਰ ਤੇਜ਼ੀ ਨਾਲ ਬਦਲ ਰਹੇ ਹਨ। ਇੱਕ ਸਮਾਂ ਸੀ ਜਦੋਂ ਡਿਗਰੀ ਨੂੰ ਰੁਜ਼ਗਾਰ ਦੀ ਗਾਰੰਟੀ ਮੰਨਿਆ ਜਾਂਦਾ ਸੀ, ਪਰ ਅੱਜ ਵਿਹਾਰਕ ਗਿਆਨ, ਤਕਨੀਕੀ ਸਮਝ ਅਤੇ ਸਮੱਸਿਆਵਾਂ ਹੱਲ ਕਰਨ ਦੀ ਸਮਰੱਥਾ ਵੀ ਲਾਜ਼ਮੀ ਬਣ ਗਈ ਹੈ। ਸਵਾਲ ਇਹ ਹੈ ਕਿ ਵਿਦਿਆਰਥੀ ਰਵਾਇਤੀ ਸਿੱਖਿਆ ਚੁਣਨ ਜਾਂ ਤਕਨੀਕੀ, ਅਤੇ ਆਪਣੀ ਸਿੱਖਿਆ ਨੂੰ ਸਮੇਂ ਦੀਆਂ ਲੋੜਾਂ ਨਾਲ ਕਿਵੇਂ ਜੋੜਨ?
ਵਿਸ਼ਵ ਆਰਥਿਕ ਮੰਚ ਦੀ ਭਵਿੱਖੀ ਰੁਜ਼ਗਾਰ ਰਿਪੋਰਟ 2025 ਅਨੁਸਾਰ, 2030 ਤੱਕ ਵਿਸ਼ਵ ਪੱਧਰ ’ਤੇ ਲਗਭਗ 17 ਕਰੋੜ ਨਵੇਂ ਰੁਜ਼ਗਾਰ ਪੈਦਾ ਹੋਣ ਅਤੇ 9.2 ਕਰੋੜ ਮੌਜੂਦਾ ਰੁਜ਼ਗਾਰ ਖ਼ਤਮ ਹੋਣ ਦਾ ਅਨੁਮਾਨ ਹੈ। ਇਹ ਅਨੁਮਾਨ ਕੰਮਕਾਜ ਦੀ ਦੁਨੀਆ ਵਿੱਚ ਆ ਰਹੇ ਵੱਡੇ ਬਦਲਾਅ ਦਾ ਸੰਕੇਤ ਹਨ। ਕ੍ਰਿਤ੍ਰਿਮ ਬੁੱਧੀ, ਵੱਡੇ ਅੰਕੜਿਆਂ ਦੀ ਘੋਖ-ਪੜਤਾਲ, ਸਾਈਬਰ ਸੁਰੱਖਿਆ ਅਤੇ ਤਕਨੀਕੀ ਸਾਖਰਤਾ ਦੇ ਨਾਲ ਤਾਰਕਿਕ ਸੋਚ, ਨਵ-ਸਿਰਜਣ ਦੀ ਸਮਰੱਥਾ ਅਤੇ ਬਦਲਦੇ ਹਾਲਾਤਾਂ ਅਨੁਸਾਰ ਢਲਣ ਦੀ ਯੋਗਤਾ ਵੀ ਮਹੱਤਵਪੂਰਨ ਹੋਵੇਗੀ। ਇਸ ਦਾ ਅਰਥ ਹੈ ਕਿ ਸਿਰਫ਼ ਕੰਪਿਊਟਰ ਚਲਾਉਣਾ ਜਾਂ ਕਿਸੇ ਸਾਫ਼ਟਵੇਅਰ ਦੀ ਵਰਤੋਂ ਜਾਣਨਾ ਕਾਫ਼ੀ ਨਹੀਂ। ਵਿਦਿਆਰਥੀ ਨੂੰ ਤਕਨੀਕ ਦੇ ਕੰਮ ਕਰਨ ਦੇ ਢੰਗ, ਉਸ ਦੀਆਂ ਸੀਮਾਵਾਂ ਅਤੇ ਜ਼ਿੰਮੇਵਾਰ ਵਰਤੋਂ ਦੀ ਸਮਝ ਵੀ ਹੋਣੀ ਚਾਹੀਦੀ ਹੈ।
ਸਮਾਜ ਵਿੱਚ ਅਜੇ ਵੀ ਡਾਕਟਰੀ, ਇੰਜੀਨੀਅਰਿੰਗ ਅਤੇ ਹੋਰ ਰਵਾਇਤੀ ਡਿਗਰੀਆਂ ਨੂੰ ਸਫ਼ਲਤਾ ਦਾ ਮੁੱਖ ਪੈਮਾਨਾ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਕਈ ਨੌਜਵਾਨ ਛੇਤੀ ਕਮਾਈ ਦੀ ਆਸ ਵਿੱਚ ਬਿਨਾਂ ਮਜ਼ਬੂਤ ਬੁਨਿਆਦ ਦੇ ਛੋਟੇ ਤਕਨੀਕੀ ਕੋਰਸਾਂ ਵੱਲ ਦੌੜਦੇ ਹਨ। ਦੋਵੇਂ ਰੁਝਾਨ ਅਧੂਰੀ ਸੋਚ ਨੂੰ ਦਰਸਾਉਂਦੇ ਹਨ। ਡਿਗਰੀ ਡੂੰਘਾ ਸਿਧਾਂਤਕ ਗਿਆਨ ਦਿੰਦੀ ਹੈ, ਤਕਨੀਕੀ ਸਿੱਖਿਆ ਵਿਗਿਆਨ ਅਤੇ ਤਕਨੀਕ ਦੀ ਵਰਤੋਂ ਸਿਖਾਉਂਦੀ ਹੈ, ਜਦਕਿ ਕਿੱਤਾਮੁਖੀ ਸਿਖਲਾਈ ਕਿਸੇ ਖ਼ਾਸ ਕੰਮ ਦੀ ਮੁਹਾਰਤ ਪੈਦਾ ਕਰਦੀ ਹੈ। ਇਹ ਤਿੰਨੇ ਇੱਕ-ਦੂਜੇ ਦੇ ਪੂਰਕ ਹਨ। ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਵੀ ਕਿੱਤਾਮੁਖੀ ਸਿੱਖਿਆ, ਵਿਹਾਰਕ ਸਿਖਲਾਈ ਅਤੇ ਕੰਮ ਰਾਹੀਂ ਪ੍ਰਾਪਤ ਤਜਰਬੇ ਨੂੰ ਮੁੱਖ ਧਾਰਾ ਦੀ ਸਿੱਖਿਆ ਨਾਲ ਜੋੜਨ ’ਤੇ ਜ਼ੋਰ ਦਿੰਦੀ ਹੈ।
ਪੰਜਾਬ ਵਰਗੇ ਖੇਤੀ-ਪ੍ਰਧਾਨ ਸੂਬੇ ਵਿੱਚ ਸਿੱਖਿਆ ਨੂੰ ਸਿਰਫ਼ ਸਰਕਾਰੀ ਨੌਕਰੀ ਜਾਂ ਵਿਦੇਸ਼ ਜਾਣ ਦੀ ਤਿਆਰੀ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਖੇਤੀਬਾੜੀ ਵਿੱਚ ਡਰੋਨ ਤਕਨੀਕ, ਮਿੱਟੀ ਦੀ ਜਾਂਚ, ਆਧੁਨਿਕ ਸਿੰਚਾਈ, ਖੁਰਾਕੀ ਪਦਾਰਥਾਂ ਦੀ ਪ੍ਰਕਿਰਿਆ ਅਤੇ ਖੇਤੀ-ਉੱਦਮ ਦੇ ਮੌਕੇ ਹਨ। ਇਸੇ ਤਰ੍ਹਾਂ ਬਿਜਲੀ-ਚਾਲਿਤ ਵਾਹਨਾਂ ਦੀ ਮੁਰੰਮਤ, ਸੂਰਜੀ ਊਰਜਾ, ਸਿਹਤ ਸੇਵਾਵਾਂ, ਮਾਲ-ਢੋਆਈ, ਡਿਜੀਟਲ ਵਿਕਰੀ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਵੀ ਸੰਭਾਵਨਾਵਾਂ ਹਨ।
ਪਰ ਕਿਸੇ ਖੇਤਰ ਵਿੱਚ ਮੌਕੇ ਹੋਣ ਦਾ ਅਰਥ ਹਰ ਕੋਰਸ ਤੋਂ ਨੌਕਰੀ ਮਿਲਣਾ ਨਹੀਂ। ਵਿਦਿਆਰਥੀਆਂ ਨੂੰ ਕੋਰਸ ਦੀ ਮਾਨਤਾ, ਸੰਸਥਾ ਦੀ ਭਰੋਸੇਯੋਗਤਾ, ਉਦਯੋਗ ਨਾਲ ਸੰਬੰਧ, ਵਿਹਾਰਕ ਤਜਰਬੇ ਅਤੇ ਰੁਜ਼ਗਾਰ ਦੀ ਅਸਲ ਮੰਗ ਦੀ ਜਾਂਚ ਕਰਨੀ ਚਾਹੀਦੀ ਹੈ।
ਕ੍ਰਿਤ੍ਰਿਮ ਬੁੱਧੀ ਸਿੱਖਣ ਦਾ ਪ੍ਰਭਾਵਸ਼ਾਲੀ ਸਾਧਨ ਹੈ, ਪਰ ਇਸ ’ਤੇ ਅੰਨ੍ਹਾ ਭਰੋਸਾ ਖ਼ਤਰਨਾਕ ਹੋ ਸਕਦਾ ਹੈ। ਇਸ ਤੋਂ ਮਿਲੀ ਜਾਣਕਾਰੀ ਗ਼ਲਤ ਜਾਂ ਅਧੂਰੀ ਵੀ ਹੋ ਸਕਦੀ ਹੈ। ਯੂਨੈਸਕੋ ਦਾ ਵਿਦਿਆਰਥੀਆਂ ਲਈ ਕ੍ਰਿਤ੍ਰਿਮ ਬੁੱਧੀ ਸਮਰੱਥਾ ਢਾਂਚਾ ਵੀ ਤਕਨੀਕੀ ਗਿਆਨ ਦੇ ਨਾਲ ਨੈਤਿਕਤਾ, ਮਨੁੱਖ-ਕੇਂਦਰਿਤ ਸੋਚ ਅਤੇ ਜ਼ਿੰਮੇਵਾਰ ਵਰਤੋਂ ’ਤੇ ਜ਼ੋਰ ਦਿੰਦਾ ਹੈ। ਇਸ ਲਈ ਜਾਣਕਾਰੀ ਦੀ ਪੁਸ਼ਟੀ ਅਤੇ ਤੱਥਾਂ ਤੇ ਰਾਇ ਵਿਚਲਾ ਫ਼ਰਕ ਸਮਝਣਾ ਜ਼ਰੂਰੀ ਹੈ।
ਇਸ ਦੇ ਨਾਲ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਭਾਵਸ਼ਾਲੀ ਗੱਲਬਾਤ, ਗਣਿਤ, ਲਿਖਣ ਦੀ ਯੋਗਤਾ, ਟੀਮਵਰਕ ਅਤੇ ਵਿੱਤੀ ਸਾਖਰਤਾ ਨੂੰ ਵੀ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਵਿਦਿਆਰਥੀਆਂ ਨੂੰ ਆਪਣੀ ਰੁਚੀ, ਸਮਰੱਥਾ ਅਤੇ ਆਰਥਿਕ ਹਾਲਾਤ ਅਨੁਸਾਰ ਸਿੱਖਿਆ ਦਾ ਰਾਹ ਚੁਣਨਾ ਚਾਹੀਦਾ ਹੈ। ਸਕੂਲਾਂ ਵਿੱਚ ਬੁਨਿਆਦੀ ਵਿਸ਼ਿਆਂ ਦੇ ਨਾਲ ਵਿਹਾਰਕ ਹੁਨਰ, ਕਾਲਜਾਂ ਵਿੱਚ ਇੰਟਰਨਸ਼ਿਪ ਅਤੇ ਉਦਯੋਗਿਕ ਸਿਖਲਾਈ, ਅਤੇ ਪੜ੍ਹਾਈ ਪੂਰੀ ਕਰ ਚੁੱਕੇ ਨੌਜਵਾਨਾਂ ਲਈ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਹੁਨਰ-ਵਧਾਊ ਕੋਰਸ ਲਾਹੇਵੰਦ ਹੋ ਸਕਦੇ ਹਨ।
ਮਾਪਿਆਂ ਨੂੰ ਬੱਚਿਆਂ ’ਤੇ ਸਿਰਫ਼ ਡਾਕਟਰ, ਇੰਜੀਨੀਅਰ ਜਾਂ ਸਰਕਾਰੀ ਮੁਲਾਜ਼ਮ ਬਣਨ ਦਾ ਦਬਾਅ ਪਾਉਣ ਦੀ ਥਾਂ ਉਨ੍ਹਾਂ ਦੀ ਰੁਚੀ ਅਤੇ ਯੋਗਤਾ ਸਮਝਣੀ ਚਾਹੀਦੀ ਹੈ। ਵਿਦਿਅਕ ਸੰਸਥਾਵਾਂ ਨੂੰ ਵੀ ਪਾਠਕ੍ਰਮ ਉਦਯੋਗਿਕ ਲੋੜਾਂ ਨਾਲ ਜੋੜ ਕੇ ਪ੍ਰਯੋਗਸ਼ਾਲਾਵਾਂ ਅਤੇ ਵਿਹਾਰਕ ਸਿਖਲਾਈ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਭਵਿੱਖ ਦੀ ਸਿੱਖਿਆ ਦਾ ਮਕਸਦ ਸਿਰਫ਼ ਨੌਕਰੀ ਹਾਸਲ ਕਰਨਾ ਨਹੀਂ, ਸਗੋਂ ਸਮਰੱਥ, ਜ਼ਿੰਮੇਵਾਰ ਅਤੇ ਆਤਮ-ਨਿਰਭਰ ਨਾਗਰਿਕ ਤਿਆਰ ਕਰਨਾ ਹੈ। ਡਿਗਰੀ ਗਿਆਨ ਦਾ ਆਧਾਰ ਹੈ, ਹੁਨਰ ਉਸ ਦੀ ਵਿਹਾਰਕ ਤਾਕਤ ਅਤੇ ਤਕਨੀਕ ਕਾਰਜ-ਸਮਰੱਥਾ ਵਧਾਉਣ ਦਾ ਸਾਧਨ ਹੈ। ਸਫ਼ਲਤਾ ਇਨ੍ਹਾਂ ਤਿੰਨਾਂ ਦੇ ਸੰਤੁਲਿਤ ਸੁਮੇਲ ਵਿੱਚ ਹੈ। ਅਸਲ ਸਿੱਖਿਆ ਇਮਤਿਹਾਨ ਪਾਸ ਕਰਨਾ ਹੀ ਨਹੀਂ, ਸਗੋਂ ਜ਼ਿੰਦਗੀ ਦੀਆਂ ਅਣਕਿਆਸੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੀ ਹੈ।
ਛੱਤਰਪਾਲ ਸਿੰਘ





