Home ਸੰਸਾਰ ਇਟਲੀ ਦੇ ਸਕੂਲਾਂ ਵਿੱਚ ਬੁਰਕੇ ਅਤੇ ਨਕਾਬ ‘ਤੇ ਲੱਗੇਗੀ ਰੋਕ, ਪ੍ਰਤੀ ਜਮਾਤ...

ਇਟਲੀ ਦੇ ਸਕੂਲਾਂ ਵਿੱਚ ਬੁਰਕੇ ਅਤੇ ਨਕਾਬ ‘ਤੇ ਲੱਗੇਗੀ ਰੋਕ, ਪ੍ਰਤੀ ਜਮਾਤ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਹੋਵੇਗੀ ਤੈਅ: ਪ੍ਰਧਾਨ ਮੰਤਰੀ ਮੈਲੋਨੀ

Italian Prime Minister Giorgia Meloni announces plans to ban face coverings in schools and enforce a legal quota on foreign students per classroom.

0

ਰੋਮ [ਇਟਲੀ], 21 ਸਤੰਬਰ (ਹਰਸ਼ਪ੍ਰੀਤ ਕੌਰ): ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਦੇਸ਼ ਦੇ ਸਕੂਲਾਂ ਵਿੱਚ ਬੁਰਕੇ ਅਤੇ ਨਕਾਬ ਵਰਗੇ ਮੂੰਹ ਢੱਕਣ ਵਾਲੇ ਪਹਿਰਾਵੇ ‘ਤੇ ਪਾਬੰਦੀ ਲਗਾਉਣ ਅਤੇ ਹਰ ਜਮਾਤ (ਕਲਾਸ) ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਕਾਨੂੰਨੀ ਸੀਮਾ ਤੈਅ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਰੋਮ ਵਿੱਚ ਆਪਣੀ ਪਾਰਟੀ ‘ਬ੍ਰਦਰਜ਼ ਆਫ਼ ਇਟਲੀ’ ਵੱਲੋਂ ਕਰਵਾਏ ਇੱਕ ਯੂਥ ਪ੍ਰੋਗਰਾਮ ‘ਫੈਨਿਕਸ’ (Fenix) ਨੂੰ ਸੰਬੋਧਨ ਕਰਦਿਆਂ ਮੈਲੋਨੀ ਨੇ ਕਿਹਾ ਕਿ ਇਹਨਾਂ ਪ੍ਰਸਤਾਵਾਂ ਵਾਲਾ ਇੱਕ ਖ਼ਾਸ ਖੜੜਾ ਜਲਦ ਹੀ ਕੈਬਨਿਟ (ਕੌਂਸਲ ਆਫ਼ ਮਿਨਿਸਟਰਜ਼) ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਸਾਡੀ ਸਰਕਾਰ ਇੱਕ ਅਜਿਹਾ ਕਾਨੂੰਨ ਲਿਆ ਰਹੀ ਹੈ ਜੋ ਹਰ ਜਮਾਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਸੀਮਾ ਤੈਅ ਕਰੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਘੁਲਣ-ਮਿਲਣ (Integration) ਵਿੱਚ ਜ਼ਿਆਦਾ ਸਮੱਸਿਆ ਆ ਰਹੀ ਹੈ, ਉਨ੍ਹਾਂ ਦੇ ਮਾਪਿਆਂ ਲਈ ਇਟਾਲੀਅਨ ਭਾਸ਼ਾ ਸਿੱਖਣਾ ਲਾਜ਼ਮੀ ਕੀਤਾ ਜਾਵੇਗਾ ਅਤੇ ਸਕੂਲਾਂ ਵਿੱਚ ਬੁਰਕੇ ਤੇ ਨਕਾਬ ‘ਤੇ ਪੂਰਨ ਪਾਬੰਦੀ ਲਗਾਈ ਜਾਵੇਗੀ।”

ਲਿੰਗ ਸਮਾਨਤਾ ਅਤੇ ਸੱਭਿਆਚਾਰ ਦਾ ਸਤਿਕਾਰ ਜ਼ਰੂਰੀ : ਪ੍ਰਧਾਨ ਮੰਤਰੀ ਮੈਲੋਨੀ ਨੇ ਕਿਹਾ ਕਿ ਜੋ ਵੀ ਵਿਅਕਤੀ ਇਟਲੀ ਵਿੱਚ ਆ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ, ਉਸ ਲਈ ਇੱਥੋਂ ਦੀ ਭਾਸ਼ਾ ਸਿੱਖਣਾ, ਸੱਭਿਆਚਾਰ ਨੂੰ ਸਮਝਣਾ ਅਤੇ ਕਾਨੂੰਨਾਂ ਦਾ ਸਤਿਕਾਰ ਕਰਨਾ ਲਾਜ਼ਮੀ ਹੈ। ਸਕੂਲਾਂ ਵਿੱਚ ਚਿਹਰਾ ਢੱਕਣ ‘ਤੇ ਪਾਬੰਦੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਇਟਲੀ ਵਿੱਚ ਕੋਈ ਵੀ ਵਿਅਕਤੀ ਪਰੰਪਰਾ ਦੇ ਨਾਂ ‘ਤੇ ਕਿਸੇ ਮੁਟਿਆਰ ਨੂੰ ਆਪਣਾ ਚਿਹਰਾ ਛੁਪਾਉਣ ਲਈ ਮਜ਼ਬੂਰ ਨਹੀਂ ਕਰ ਸਕਦਾ। ਸਾਡੇ ਸਕੂਲਾਂ ਅਤੇ ਸੜਕਾਂ ‘ਤੇ ਲਿੰਗ ਸਮਾਨਤਾ (Gender Equality) ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।” ਰਿਸਰਚ ਅਦਾਰੇ ‘ਫੋਂਡਾਜ਼ੀਓਨੇ ਆਈ.ਐਸ.ਐਮ.ਯੂ.’ (Fondazione ISMU) ਦੇ ਅੰਕੜਿਆਂ ਅਨੁਸਾਰ, ਇਸ ਵੇਲੇ ਇਟਲੀ ਦੇ ਸਕੂਲਾਂ ਵਿੱਚ ਲਗਭਗ 9,30,000 ਗੈਰ-ਇਟਾਲੀਅਨ ਵਿਦਿਆਰਥੀ ਪੜ੍ਹ ਰਹੇ ਹਨ, ਜੋ ਕੁੱਲ ਵਿਦਿਆਰਥੀਆਂ ਦਾ ਲਗਭਗ 11.6 ਫੀਸਦੀ ਹਨ।

ਮੈਡੀਕਲ ਕਾਲਜਾਂ ਦੀ ਪ੍ਰਵੇਸ਼ ਪ੍ਰੀਖਿਆ ਪ੍ਰਣਾਲੀ ‘ਚ ਵੀ ਬਦਲਾਅ : ਇਸ ਤੋਂ ਇਲਾਵਾ ਮੈਲੋਨੀ ਨੇ ਉੱਚ ਸਿੱਖਿਆ ਖੇਤਰ ਵਿੱਚ ਵੱਡਾ ਬਦਲਾਅ ਕਰਦਿਆਂ ਮੈਡੀਕਲ ਸਕੂਲਾਂ ਵਿੱਚ ਦਾਖਲੇ ਲਈ ਵਰਤੀ ਜਾਂਦੀ ‘ਮਲਟੀਪਲ-ਚੋਆਇਸ’ (Multiple-choice) ਦਾਖਲਾ ਪ੍ਰੀਖਿਆ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਸ ਪ੍ਰਣਾਲੀ ਨੂੰ ਬੇਇਨਸਾਫ਼ੀ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਲਾਟਰੀ ਦੀ ਖੇਡ ਵਾਂਗ ਨਹੀਂ ਹੋਣੀ ਚਾਹੀਦੀ।

 

Exit mobile version