ਜਪਤੀ (ਓਡੀਸ਼ਾ), 19 ਅਗਸਤ 2026 (ਦੀਪਕ ਦੱਤਾ) : ਮਾਓਵਾਦੀ ਆਗੂ ਆਜ਼ਾਦ ਉਰਫ਼ ਦਾਨਾ ਕੇਸ਼ਬ ਰਾਓ ਨੂੰ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਦਰਜ ਸਾਰੇ 49 ਮਾਮਲਿਆਂ ਵਿੱਚ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ 15 ਸਾਲ ਤੋਂ ਵੱਧ ਸਮੇਂ ਤੱਕ ਵਿਚਾਰ ਅਧੀਨ ਕੈਦੀ ਵਜੋਂ ਜੇਲ੍ਹ ਵਿੱਚ ਰਿਹਾ। ਆਜ਼ਾਦ ਦੇ ਵਕੀਲ ਸਵਰੂਪ ਕੁਮਾਰ ਪਾਲ ਨੇ ਦੱਸਿਆ ਕਿ ਉਸ ਨੇ 29 ਮਈ 2011 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਪੁਲਿਸ ਸਾਹਮਣੇ ਆਤਮਸਮਰਪਣ ਕੀਤਾ ਸੀ। ਇਸ ਤੋਂ ਬਾਅਦ ਓਡੀਸ਼ਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਕੁੱਲ 49 ਮਾਮਲੇ ਲੰਬਿਤ ਸਨ। ਵਕੀਲ ਮੁਤਾਬਕ, ਆਂਧਰਾ ਪੁਲਿਸ ਵੱਲੋਂ ਉਸ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਓਡੀਸ਼ਾ ਪੁਲਿਸ ਦੇ ਹਵਾਲੇ ਕਰਨ ਸਬੰਧੀ ਵੀ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ। ਇਸ ਦੌਰਾਨ ਆਜ਼ਾਦ ਨੇ 15 ਸਾਲ, 2 ਮਹੀਨੇ ਅਤੇ ਕੁਝ ਦਿਨ ਜੇਲ੍ਹ ਵਿੱਚ ਬਿਤਾਏ।
ਲੰਬੇ ਸਮੇਂ ਤੱਕ ਮਾਮਲਿਆਂ ਦਾ ਨਿਪਟਾਰਾ ਨਾ ਹੋਣ ਕਾਰਨ ਆਜ਼ਾਦ ਨੇ 21 ਜੁਲਾਈ 2025 ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਸੁਪਰੀਮ ਕੋਰਟ ਨੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਸਰਕਾਰਾਂ ਨੂੰ ਵਿਸ਼ੇਸ਼ ਅਦਾਲਤਾਂ ਰਾਹੀਂ ਇੱਕ ਸਾਲ ਦੇ ਅੰਦਰ ਉਸ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਗਜਪਤੀ ਜ਼ਿਲ੍ਹੇ ਦੇ ਪਾਰਲਾਖੇਮੁੰਡੀ ਵਿੱਚ ਵਿਸ਼ੇਸ਼ ਅਦਾਲਤ ਸਥਾਪਿਤ ਕੀਤੀ ਗਈ। ਓਡੀਸ਼ਾ ਦੇ ਗਜਪਤੀ, ਕੰਧਮਾਲ ਅਤੇ ਰਾਏਗੜਾ ਜ਼ਿਲ੍ਹਿਆਂ ਵਿੱਚ ਦਰਜ 36 ਮਾਮਲਿਆਂ ਦੇ ਨਾਲ ਆਂਧਰਾ ਪ੍ਰਦੇਸ਼ ਦੇ 12 ਮਾਮਲਿਆਂ ਦੀ ਵੀ ਤੇਜ਼ੀ ਨਾਲ ਸੁਣਵਾਈ ਕੀਤੀ ਗਈ। ਵਕੀਲ ਨੇ ਦੱਸਿਆ ਕਿ ਜੇਲ੍ਹ ਦੌਰਾਨ ਆਜ਼ਾਦ ਨੇ ਤਿੰਨ ਵਾਰ ਭੁੱਖ ਹੜਤਾਲ ਵੀ ਕੀਤੀ। ਇਨ੍ਹਾਂ ਵਿੱਚ ਇੱਕ ਵਾਰ 14 ਦਿਨ, ਦੂਜੀ ਵਾਰ 17 ਦਿਨ ਅਤੇ ਤੀਜੀ ਵਾਰ 21 ਦਿਨ ਤੱਕ ਭੁੱਖ ਹੜਤਾਲ ਕੀਤੀ ਗਈ।
ਆਜ਼ਾਦ ਦਾ ਨਾਮ ਮਾਓਵਾਦੀ ਹਿੰਸਾ ਨਾਲ ਜੁੜੇ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਸੀ। ਇਨ੍ਹਾਂ ਵਿੱਚ 2008 ਵਿੱਚ ਸਵਾਮੀ ਲਕਸ਼ਮਣਾਨੰਦ ਸਰਸਵਤੀ ਅਤੇ ਚਾਰ ਹੋਰ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਤ ਮਾਮਲਾ ਵੀ ਸ਼ਾਮਲ ਸੀ। ਹਾਲਾਂਕਿ, ਅਦਾਲਤ ਨੇ ਲੋੜੀਂਦੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਇਸ ਮਾਮਲੇ ਸਮੇਤ ਸਾਰੇ ਮਾਮਲਿਆਂ ਵਿੱਚ ਬਰੀ ਕਰ ਦਿੱਤਾ। ਵਕੀਲ ਨੇ ਕਿਹਾ ਕਿ ਆਜ਼ਾਦ ਨੇ ਆਪਣੀ ਜ਼ਿੰਦਗੀ ਦੇ ਕੀਮਤੀ 15 ਸਾਲ ਤੋਂ ਵੱਧ ਸਮਾਂ ਬਿਨਾਂ ਦੋਸ਼ ਸਾਬਤ ਹੋਏ ਜੇਲ੍ਹ ਵਿੱਚ ਗੁਜ਼ਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਲਈ ਅਦਾਲਤ ਦਾ ਰੁਖ ਵੀ ਕੀਤਾ ਜਾਵੇਗਾ। ਇਸ ਤਰ੍ਹਾਂ ਸਾਰੇ 49 ਮਾਮਲਿਆਂ ਵਿੱਚ ਫ਼ੈਸਲੇ ਆਉਣ ਤੋਂ ਬਾਅਦ ਆਜ਼ਾਦ ਨੂੰ ਬਰੀ ਕਰ ਦਿੱਤਾ ਗਿਆ ਅਤੇ ਉਸ ਦੀ ਜੇਲ੍ਹ ਤੋਂ ਰਿਹਾਈ ਹੋ ਗਈ।
