ਧੂਰੀ/ਸੰਗਰੂਰ, 26 ਅਕਤੂਬਰ, 2026 (ਛਤਰਪਾਲ ਸਿੰਘ ) : ਜਨਗਣਨਾ-2027 ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੇਸ਼ ਭਗਤ ਕਾਲਜ, ਬਰੜਵਾਲ, ਧੂਰੀ ਵਿਖੇ ਯੁਵਕ ਮੇਲੇ ਦੌਰਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਸੁਖਵੀਰ ਸਿੰਘ ਸੁੱਖੀ ਨੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਜਨਗਣਨਾ ਸਬੰਧੀ ਜਾਗਰੂਕਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ।
ਸੁਖਵੀਰ ਸਿੰਘ ਸੁੱਖੀ ਨੇ ਕਿਹਾ, “ਜਨਗਣਨਾ ਰਾਹੀਂ ਪ੍ਰਾਪਤ ਸਹੀ ਅੰਕੜੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਯੋਜਨਾਵਾਂ ਉਲੀਕਣ ਦਾ ਅਹਿਮ ਆਧਾਰ ਬਣਦੇ ਹਨ। ਹਰੇਕ ਵਿਅਕਤੀ ਦੀ ਗਿਣਤੀ ਅਤੇ ਹਰੇਕ ਪਰਿਵਾਰ ਦੇ ਵੇਰਵਿਆਂ ਦਾ ਸਹੀ ਦਰਜ ਹੋਣਾ ਬੇਹੱਦ ਜ਼ਰੂਰੀ ਹੈ। ਨੌਜਵਾਨ ਆਪਣੇ ਪਰਿਵਾਰਾਂ ਨੂੰ ਆਨਲਾਈਨ ਸਵੈ-ਗਣਨਾ ਵਿੱਚ ਸਹਿਯੋਗ ਦੇਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਪ੍ਰਕਿਰਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨ।” ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਰਿਹਾਇਸ਼, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਪ੍ਰਭਾਵਸ਼ਾਲੀ ਵਿਉਂਤਬੰਦੀ ਲਈ ਭਰੋਸੇਯੋਗ ਅੰਕੜਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ‘ਸਾਡੀ ਜਨਗਣਨਾ, ਸਾਡਾ ਵਿਕਾਸ’ ਦੇ ਸੁਨੇਹੇ ਨੂੰ ਅੱਗੇ ਵਧਾਉਂਦਿਆਂ ਲੋਕਾਂ ਨੂੰ ਸਹੀ ਅਤੇ ਮੁਕੰਮਲ ਜਾਣਕਾਰੀ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਜਨਗਣਨਾ ਦੀ ਮਹੱਤਤਾ, ਆਨਲਾਈਨ ਸਵੈ-ਗਣਨਾ ਦੀ ਸਹੂਲਤ ਅਤੇ ਗਣਨਾਕਾਰਾਂ ਵੱਲੋਂ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਆਬਾਦੀ ਦੀ ਗਣਨਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਭਰਪੂਰ ਪੈਂਫ਼ਲੈਟ ਵੀ ਵੰਡੇ ਗਏ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਗਈਆਂ।
ਕੈਂਪ ਦੌਰਾਨ ਦੱਸਿਆ ਗਿਆ ਕਿ ਜਨਗਣਨਾ-2027 ਤਹਿਤ ਆਬਾਦੀ ਦੀ ਗਣਨਾ ਦਾ ਦੂਜਾ ਪੜਾਅ ਪੰਜਾਬ ਵਿੱਚ 16 ਨਵੰਬਰ, 2026 ਤੋਂ ਸ਼ੁਰੂ ਹੋਵੇਗਾ ਅਤੇ 4 ਜਨਵਰੀ, 2027 ਤੱਕ ਜਾਰੀ ਰਹੇਗਾ। ਇਸ ਤਹਿਤ 16 ਤੋਂ 30 ਨਵੰਬਰ, 2026 ਤੱਕ ਲੋਕ ਆਨਲਾਈਨ ਸਵੈ-ਗਣਨਾ ਦੀ ਸਹੂਲਤ ਦਾ ਲਾਭ ਲੈ ਸਕਣਗੇ, ਜਦਕਿ ਪਹਿਲੀ ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਗਣਨਾਕਾਰ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕਰਨਗੇ। ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਨਲਾਈਨ ਸਵੈ-ਗਣਨਾ ਦੌਰਾਨ ਆਪਣੇ ਪਰਿਵਾਰਾਂ ਨੂੰ ਸਹਿਯੋਗ ਦੇਣ ਅਤੇ ਵੇਰਵੇ ਦਰਜ ਕਰਦੇ ਸਮੇਂ ਜਾਣਕਾਰੀ ਦੀ ਧਿਆਨ ਨਾਲ ਜਾਂਚ ਕਰਨ। ਇਸ ਦੇ ਨਾਲ ਹੀ ਘਰ-ਘਰ ਆਉਣ ਵਾਲੇ ਅਧਿਕਾਰਤ ਗਣਨਾਕਾਰਾਂ ਨੂੰ ਸਹੀ ਅਤੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਗਿਆ ਕਿ ਨੌਜਵਾਨਾਂ ਦੀ ਭਾਗੀਦਾਰੀ ਨਾਲ ਜਨਗਣਨਾ ਦੀ ਮਹੱਤਤਾ ਅਤੇ ਨਿਰਧਾਰਿਤ ਮਿਤੀਆਂ ਬਾਰੇ ਜਾਣਕਾਰੀ ਵੱਧ ਤੋਂ ਵੱਧ ਪਰਿਵਾਰਾਂ ਤੱਕ ਪਹੁੰਚਾਈ ਜਾ ਸਕਦੀ ਹੈ।






