ਸਰਕਾਰੀ ਸਕੀਮਾਂ ਤੇ ਖਰੀਦ ਨੀਤੀ ਬਾਰੇ ਦਿੱਤੀ ਜਾਣਕਾਰੀ
ਪਟਿਆਲਾ: 18 ਜੁਲਾਈ 2026 (ਛਤਰਪਾਲ ਸਿੰਘ) : ਪਟਿਆਲਾ ਵਿੱਚ ਭਾਰਤ ਸਰਕਾਰ ਦੇ ਐਮਐੱਸਐੱਮਈ ਮੰਤਰਾਲੇ, ਰਾਸ਼ਟਰੀ ਐਸਸੀ/ਐਸਟੀ ਹੱਬ (ਲੁਧਿਆਣਾ) ਅਤੇ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਾਂਝੇ ਸਹਿਯੋਗ ਨਾਲ ਇੰਟਰਪ੍ਰੀਨਿਓਰ ਅਵੇਅਰਨੈੱਸ ਅਤੇ ਸਪੈਸ਼ਲ ਵੈਂਡਰ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਮੌਜੂਦਾ ਅਤੇ ਨਵੇਂ ਐਸਸੀ-ਐਸਟੀ ਉੱਦਮੀਆਂ ਨੂੰ ਸਰਕਾਰੀ ਯੋਜਨਾਵਾਂ, ਜਨਤਕ ਖਰੀਦ ਨੀਤੀ ਅਤੇ ਕਾਰੋਬਾਰ ਨਾਲ ਜੁੜੇ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ।
ਸਮਾਗਮ ਦੌਰਾਨ ਪੀਐੱਚਡੀ ਚੈਂਬਰ ਦੀ ਸੀਨੀਅਰ ਰੀਜਨਲ ਡਾਇਰੈਕਟਰ ਭਾਰਤੀ ਸੂਦ ਨੇ ਕਿਹਾ ਕਿ ਜਾਗਰੂਕਤਾ, ਸਮਰੱਥਾ ਵਿਕਾਸ ਅਤੇ ਸਰਕਾਰੀ ਸਹਾਇਤਾ ਪ੍ਰਣਾਲੀ ਤੱਕ ਪਹੁੰਚ ਰਾਹੀਂ ਐਸਸੀ-ਐਸਟੀ ਉੱਦਮੀਆਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਐਮਐੱਸਐੱਮਈ ਡੀਐੱਫਓ, ਲੁਧਿਆਣਾ ਦੇ ਸੰਯੁਕਤ ਨਿਰਦੇਸ਼ਕ ਪੰਕਜ ਝਾਅ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਉਦਯਮ ਰਜਿਸਟ੍ਰੇਸ਼ਨ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਰਾਸ਼ਟਰੀ ਐਸਸੀ-ਐਸਟੀ ਹੱਬ ਦੇ ਬ੍ਰਾਂਚ ਇੰਚਾਰਜ ਸੂਰਜ ਭੂਸ਼ਣ ਨੇ ਹੱਬ ਯੋਜਨਾ ਦੇ ਉਦੇਸ਼ਾਂ ਅਤੇ ਸਰਕਾਰੀ ਜਨਤਕ ਖਰੀਦ ਨੀਤੀ ਵਿੱਚ ਐਸਸੀ-ਐਸਟੀ ਉੱਦਮੀਆਂ ਲਈ ਉਪਲਬਧ ਮੌਕਿਆਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਐਮਐੱਸਐੱਮਈ, ਬੀਬੀਐੱਮਬੀ, ਐਸਬੀਆਈ, ਆਈਓਸੀਐੱਲ, ਅਲਿਮਕੋ ਅਤੇ ਹੋਰ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਭਾਗ ਲਿਆ ਅਤੇ ਉੱਦਮੀਆਂ ਨੂੰ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।








