ਵਿਦਿਆਰਥੀਆਂ ਨੂੰ ਲੋਕਤੰਤਰ ‘ਚ ਵੋਟ ਦੀ ਅਹਿਮੀਅਤ ਤੋਂ ਜਾਣੂ ਕਰਵਾ ਕੇ ਚੋਣ ਪ੍ਰਕਿਰਿਆ ‘ਚ ਨੌਜਵਾਨਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਮੁੱਖ ਉਦੇਸ਼
ਪਟਿਆਲਾ, 3 ਅਕਤੂਬਰ, 2026 (ਛਤਰਪਾਲ ਸਿੰਘ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਅਸੈਂਬਲੀ ਲੈਵਲ ਅੰਤਰ-ਕਾਲਜ ਸਵੀਪ ਮੁਕਾਬਲੇ ਪ੍ਰਿੰਸੀਪਲ ਰਜੇਸ਼ ਮੋਦੀ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਵੋਟ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ ਅਤੇ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਸੀ। ਇਸ ਅੰਤਰ- ਸਕੂਲ ਮੁਕਾਬਲੇ ਦੌਰਾਨ ਵੱਖ-ਵੱਖ ਸਕੂਲਾਂ ਦੇ 100 ਦੇ ਲਗਭਗ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦੌਰਾਨ ਵੋਟਰ ਜਾਗਰੂਕਤਾ ਨਾਲ ਸਬੰਧਤ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਨੁੱਕੜ ਨਾਟਕ, ਭਾਸ਼ਣ ਪ੍ਰਤੀਯੋਗਿਤਾ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਮਹਿੰਦੀ ਅਤੇ ਰੰਗੋਲੀ ਮੁਕਾਬਲੇ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਵਿਚਾਰਾਂ ਰਾਹੀਂ ਇਹ ਸੁਨੇਹਾ ਦਿੱਤਾ ਕਿ ਇੱਕ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰਨੀ ਚਾਹੀਦੀ ਹੈ। ਇਸ ਮੌਕੇ ਬੀ.ਡੀ.ਪੀ.ਓ. ਪਟਿਆਲਾ ਹਰਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਅਸਿਸਟੈਂਟ ਨੋਡਲ ਅਫ਼ਸਰ ਡਾ. ਇੰਦਰਪ੍ਰੀਤ ਸਿੰਘ ਨੇ ਮਹਿਮਾਨਾਂ ਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੀਆਂ ਟੀਮਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਸਿੰਘ ਰੇਖੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਲੋਕਤੰਤਰੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਦੀ ਹੈ। ਪ੍ਰੀਤੀ ਗੁਪਤਾ ਹੈਡਮਿਸਟ੍ਰੈਸ, ਰਜਨੀ ਭਾਰਗਵ, ਪਰਮਿੰਦਰ ਕੌਰ ਅਤੇ ਪ੍ਰਵੇਸ਼ ਕੁਮਾਰ ਨੇ ਇਨ੍ਹਾਂ ਨਿਰਣਾਇਕ ਦੀ ਭੂਮਿਕਾ ਨਿਭਾਈ। ਇਨ੍ਹਾਂ ਅੰਤਰ- ਸਕੂਲ ਸਵੀਪ ਮੁਕਾਬਲਿਆਂ ਦੇ ਸਫਲਤਾਪੂਰਵਕ ਆਯੋਜਨ ਵਿੱਚ ਸਕੂਲ ਦੇ ਭਗਵੰਤ ਸਿੰਘ, ਸ਼ਹਿਨਾਜ਼, ਗੀਤਾ, ਚਰਨਜੀਤ ਸਿੰਘ, ਮਨਪ੍ਰੀਤ ਸ਼ਰਮਾ, ਨਵਜੋਤ ਕੌਰ, ਨਵਨੀਤ ਕੌਰ ਅਤੇ ਸਿਮਰਨ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਹਾਇਕ ਸਵੀਪ ਨੋਡਲ ਅਫ਼ਸਰ ਮੋਹਿਤ ਕੌਸ਼ਲ, ਰੁਪਿੰਦਰ ਸਿੰਘ ਨੋਡਲ ਅਫ਼ਸਰ 115- ਪਟਿਆਲਾ ਅਤੇ ਵਿਜੇ ਗੋਇਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੁਕਾਬਲਿਆਂ ਦੇ ਅੰਤ ਵਿੱਚ ਵੱਖ-ਵੱਖ ਕੈਟੇਗਰੀਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।







