ਆਈਚੀ-ਨਾਗੋਆ [ਜਾਪਾਨ] , 22 ਸਤੰਬਰ, 2026 (ਜਗਜੀਤ ਸਿੰਘ) : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਏਸ਼ੀਆਈ ਖੇਡਾਂ 2026 ਦੇ ਫ਼ਾਈਨਲ ਮੁਕਾਬਲੇ ਦੌਰਾਨ ਇੱਕ ਵੱਡਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸ਼ੈਫਾਲੀ ਔਰਤਾਂ ਦੇ ਟੀ-20 ਅੰਤਰਰਾਸ਼ਟਰੀ (T20I) ਕ੍ਰਿਕਟ ਵਿੱਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਵਿਸ਼ਵ ਦੀ ਪਹਿਲੀ ਬੱਲੇਬਾਜ਼ ਬਣ ਗਈ ਹੈ। ਸ਼੍ਰੀਲੰਕਾ ਵਿਰੁੱਧ ਖੇਡੇ ਗਏ ਫ਼ਾਈਨਲ ਮੈਚ ਵਿੱਚ ਸ਼ੈਫਾਲੀ ਨੇ 29 ਗੇਂਦਾਂ ਵਿੱਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 48 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਇਸ ਸਾਲ 24 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 863 ਦੌੜਾਂ ਪੂਰੀਆਂ ਕਰ ਲਈਆਂ ਹਨ। ਸ਼ੈਫਾਲੀ ਨੇ ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਡ (824 ਦੌੜਾਂ) ਦਾ ਰਿਕਾਰਡ ਪਿੱਛੇ ਛੱਡ ਦਿੱਤਾ ਹੈ।
ਨਾਕਆਊਟ ਮੈਚਾਂ ਵਿੱਚ ਸ਼ਾਨਦਾਰ ਫਾਰਮ : 50 ਓਵਰਾਂ ਦੇ ਵਿਸ਼ਵ ਕੱਪ 2025 ਦੇ ਫਾਈਨਲ ਤੋਂ ਬਾਅਦ ਸ਼ੈਫਾਲੀ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਪਿਛਲੀਆਂ 6 ਨਾਕਆਊਟ ਪਾਰੀਆਂ ਵਿੱਚ 101.75 ਦੀ ਔਸਤ ਨਾਲ 407 ਦੌੜਾਂ ਬਣਾਈਆਂ ਹਨ, ਜਿਸ ਵਿੱਚ 1 ਸੈਂਕੜਾ ਅਤੇ 3 ਅੱਧੇ ਸੈਂਕੜੇ ਸ਼ਾਮਲ ਹਨ:
- ਏਸ਼ੀਆ ਕੱਪ ਸੈਮੀਫ਼ਾਈਨਲ: 64 (40 ਗੇਂਦਾਂ)
- ਏਸ਼ੀਆ ਕੱਪ ਫ਼ਾਈਨਲ: 68 (39 ਗੇਂਦਾਂ)
- ਏਸ਼ੀਆਈ ਖੇਡਾਂ ਖ਼ਵਾਟਰਫ਼ਾਈਨਲ: 40* (15 ਗੇਂਦਾਂ)
- ਏਸ਼ੀਆਈ ਖੇਡਾਂ ਸੈਮੀਫ਼ਾਈਨਲ: 100* (49 ਗੇਂਦਾਂ)
- ਏਸ਼ੀਆਈ ਖੇਡਾਂ ਫ਼ਾਈਨਲ: 48 (29 ਗੇਂਦਾਂ)
ਮੰਧਾਨਾ ਅਤੇ ਸ਼ੈਫਾਲੀ ਦੀ ਜੋੜੀ ਦਾ 4000 ਦੌੜਾਂ ਦਾ ਰਿਕਾਰਡ : ਇਸ ਮੈਚ ਦੌਰਾਨ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀ ਜੋੜੀ ਨੇ ਔਰਤਾਂ ਦੇ ਟੀ-20 ਅੰਤਰਰਾਸ਼ਟਰੀ ਵਿੱਚ 4,000 ਤੋਂ ਵੱਧ ਦੌੜਾਂ ਦੀ ਭਾਈਵਾਲੀ ਕਰਨ ਵਾਲੀ ਵਿਸ਼ਵ ਦੀ ਪਹਿਲੀ ਜੋੜੀ ਬਣਨ ਦਾ ਮਾਣ ਵੀ ਹਾਸਲ ਕੀਤਾ। ਦੋਵਾਂ ਨੇ 107 ਮੈਚਾਂ ਵਿੱਚ 4,080 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ।
ਭਾਰਤ ਨੇ ਬਣਾਇਆ 216/3 ਦਾ ਵਿਸ਼ਾਲ ਸਕੋਰ : ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਮ੍ਰਿਤੀ ਮੰਧਾਨਾ (45 ਗੇਂਦਾਂ ‘ਚ 79 ਦੌੜਾਂ) ਅਤੇ ਸ਼ੈਫਾਲੀ ਵਰਮਾ (48 ਦੌੜਾਂ) ਨੇ ਪਹਿਲੀ ਵਿਕਟ ਲਈ 99 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਦਿੱਤੀ। ਕਪਤਾਨ ਹਰਮਨਪ੍ਰੀਤ ਕੌਰ (19 ਦੌੜਾਂ) ਸਸਤੇ ‘ਚ ਆਊਟ ਹੋ ਗਈ, ਪਰ ਰਿਚਾ ਘੋਸ਼ ਦੀਆਂ ਅੰਤਿਮ ਓਵਰਾਂ ‘ਚ ਤੂਫ਼ਾਨੀ 49* (22 ਗੇਂਦਾਂ) ਦੌੜਾਂ ਦੀ ਬਦੌਲਤ ਭਾਰਤ ਨੇ ਨਿਰਧਾਰਤ 20 ਓਵਰਾਂ ‘ਚ 216/3 ਦਾ ਸਕੋਰ ਖੜ੍ਹਾ ਕੀਤਾ।







