Home ਸਪੋਰਟਸ U20 ਵਰਲਡ ਚੈਂਪੀਅਨਸ਼ਿਪ ’ਚ ਆਸ਼ੀਸ਼ ਯਾਦਵ ਨੇ ਜਿੱਤਿਆ ਚਾਂਦੀ ਦਾ ਤਮਗਾ

U20 ਵਰਲਡ ਚੈਂਪੀਅਨਸ਼ਿਪ ’ਚ ਆਸ਼ੀਸ਼ ਯਾਦਵ ਨੇ ਜਿੱਤਿਆ ਚਾਂਦੀ ਦਾ ਤਮਗਾ

Ashish Yadav wins silver in men’s javelin as India opens its medal account at the 2026 World Athletics U20 Championships.

0

ਓਰੇਗਨ, 8 ਅਗਸਤ, 2026 (ਅਮਨਦੀਪ ਸਰਾਂ) : 2026 ਵਰਲਡ ਐਥਲੈਟਿਕਸ U20 ਚੈਂਪੀਅਨਸ਼ਿਪ ਵਿੱਚ ਭਾਰਤ ਨੇ ਆਪਣਾ ਪਹਿਲਾ ਤਮਗਾ ਜੈਵਲਿਨ ਥ੍ਰੋਅ ਦੇ ਮੁਕਾਬਲੇ ਵਿੱਚ ਹਾਸਲ ਕਰ ਲਿਆ ਹੈ। ਭਾਰਤ ਦੇ 19 ਸਾਲਾ ਖਿਡਾਰੀ ਆਸ਼ੀਸ਼ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ।

ਆਸ਼ੀਸ਼ ਨੇ ਫਾਈਨਲ ਦੇ ਤੀਜੇ ਰਾਊਂਡ ਵਿੱਚ 74.09 ਮੀਟਰ ਦੀ ਦੂਰੀ ਤੈਅ ਕਰਕੇ ਆਪਣਾ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਦਰਜ ਕੀਤਾ। ਇਸ ਸ਼ਾਨਦਾਰ ਥ੍ਰੋਅ ਨਾਲ ਉਸ ਨੇ ਪੋਡੀਅਮ ’ਤੇ ਦੂਜਾ ਸਥਾਨ ਹਾਸਲ ਕੀਤਾ ਅਤੇ ਭਾਰਤ ਦੀ ਤਮਗਾ ਸੂਚੀ ਦੀ ਸ਼ੁਰੂਆਤ ਕੀਤੀ। ਇਸੇ ਮੁਕਾਬਲੇ ਵਿੱਚ ਭਾਰਤ ਦੇ ਇੱਕ ਹੋਰ ਜੈਵਲਿਨ ਥ੍ਰੋਅਰ ਟੀ. ਧਰਣੀਧਰਨ ਨੇ ਵੀ ਫਾਈਨਲ ਵਿੱਚ ਹਿੱਸਾ ਲਿਆ। ਉਸ ਨੇ 72.35 ਮੀਟਰ ਦੀ ਆਪਣੀ ਸਰਵੋਤਮ ਥ੍ਰੋਅ ਨਾਲ ਛੇਵਾਂ ਸਥਾਨ ਹਾਸਲ ਕੀਤਾ।

ਆਸ਼ੀਸ਼ ਯਾਦਵ ਦੀ ਇਹ ਉਪਲਬਧੀ ਇਸ ਲਈ ਵੀ ਖਾਸ ਹੈ ਕਿਉਂਕਿ ਉਹ ਵਰਲਡ U20 ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲਾ ਭਾਰਤ ਦਾ ਸਿਰਫ਼ ਦੂਜਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਭਾਰਤ ਦੇ ਦਿੱਗਜ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਹਾਸਲ ਕੀਤੀ ਸੀ। ਨੀਰਜ ਚੋਪੜਾ ਨੇ 2016 ਵਿੱਚ ਪੋਲੈਂਡ ਵਿੱਚ ਹੋਈ ਵਰਲਡ U20 ਚੈਂਪੀਅਨਸ਼ਿਪ ਦੌਰਾਨ 86.48 ਮੀਟਰ ਦੀ ਥ੍ਰੋਅ ਨਾਲ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਦੀ ਇਹ ਥ੍ਰੋਅ ਉਸ ਸਮੇਂ ਵਿਸ਼ਵ ਜੂਨੀਅਰ ਰਿਕਾਰਡ ਬਣੀ ਸੀ, ਜੋ ਅਜੇ ਤੱਕ ਕਾਇਮ ਹੈ।

ਇਸ ਵਾਰ ਸੋਨ ਤਮਗਾ ਦੱਖਣੀ ਅਫਰੀਕਾ ਦੇ ਜਾਨ-ਹੈਂਡਰਿਕ ਹੇਮਾਨਸ ਨੇ ਜਿੱਤਿਆ। ਉਸ ਨੇ ਮੁਕਾਬਲੇ ਦੀ ਆਪਣੀ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ 80.50 ਮੀਟਰ ਦੀ ਦੂਰੀ ਤੈਅ ਕਰਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਆਸ਼ੀਸ਼ ਯਾਦਵ ਦਾ ਇਹ ਪ੍ਰਦਰਸ਼ਨ ਭਾਰਤੀ ਐਥਲੈਟਿਕਸ ਲਈ ਵੱਡੀ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਨੌਜਵਾਨ ਜੈਵਲਿਨ ਥ੍ਰੋਅਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ।

 

Exit mobile version