ਫ਼ਤਿਹਗੜ੍ਹ ਸਾਹਿਬ, 30 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਵੱਲੋਂ ਬਾਬਾ ਫ਼ਤਿਹ ਸਿੰਘ ਸਟੇਡੀਅਮ ਵਿਖੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਪੰਜਾਬ ਪੁਲਿਸ ਨਾਲ ਸਬੰਧਤ ਪ੍ਰਸਿੱਧ ਖਿਡਾਰੀ ਅਤੇ ਅਰਜੁਨਾ ਐਵਾਰਡੀ ਸ. ਸੁਖਪਾਲ ਸਿੰਘ ਪਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਖੇਡ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਨਾਲ ਜ਼ਿਲ੍ਹਾ ਖੇਡ ਵਿਭਾਗ, ਫ਼ਤਿਹਗੜ੍ਹ ਸਾਹਿਬ ਦੇ ਬਾਸਕਟਬਾਲ ਕੋਚ ਸ੍ਰੀ ਰਾਹੁਲ ਦੀਪ ਸਿੰਘ ਅਤੇ ਡਾ. ਰਣਜੀਤ ਸੂਰੀ ਵੀ ਮੌਜੂਦ ਰਹੇ।
ਯੂਨੀਵਰਸਿਟੀ ਪਹੁੰਚਣ ’ਤੇ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਭੁੱਲਰ ਅਤੇ ਸਮੂਹ ਸਟਾਫ਼ ਵੱਲੋਂ ਸ੍ਰੀ ਸੁਖਪਾਲ ਸਿੰਘ ਪਾਲੀ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾ. ਭੁੱਲਰ ਨੇ ਕਿਹਾ ਕਿ ਸਫ਼ਲ ਖਿਡਾਰੀਆਂ ਦੇ ਤਜਰਬੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੇ ਹਨ ਅਤੇ ਅਜਿਹੇ ਸੰਵਾਦ ਉਨ੍ਹਾਂ ਨੂੰ ਖੇਡਾਂ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਪਾਲ ਸਿੰਘ ਪਾਲੀ ਨੇ ਕਿਹਾ ਕਿ ਖੇਡਾਂ ਸਿਰਫ਼ ਮੈਡਲ ਜਿੱਤਣ ਤੱਕ ਸੀਮਤ ਨਹੀਂ ਹਨ, ਸਗੋਂ ਇਹ ਜੀਵਨ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਬਰ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਖੇਤਰ ਵਿੱਚ ਸਫ਼ਲਤਾ ਲੰਬੇ ਸਮੇਂ ਦੀ ਸਖ਼ਤ ਮਿਹਨਤ, ਨਿਰੰਤਰ ਅਭਿਆਸ ਅਤੇ ਮੁਸ਼ਕਲ ਹਾਲਾਤਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਨਾਲ ਮਿਲਦੀ ਹੈ। ਉਨ੍ਹਾਂ ਆਪਣੇ ਖੇਡ ਸਫ਼ਰ ਦੇ ਵੱਖ-ਵੱਖ ਪੜਾਵਾਂ ਅਤੇ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਨਿਰਾਸ਼ਾਵਾਂ ਤੋਂ ਨਾ ਘਬਰਾਉਣ ਅਤੇ ਲਗਾਤਾਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਨੂੰ ਵੀ ਬਰਾਬਰ ਮਹੱਤਵ ਦੇਣ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹੋਏ ਸਵਾਲ-ਜਵਾਬ ਸੈਸ਼ਨ ਵਿੱਚ ਸ੍ਰੀ ਪਾਲੀ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਖੇਡ ਤਕਨੀਕਾਂ, ਖੁਰਾਕ, ਫਿਟਨੈੱਸ, ਨਿਯਮਤ ਅਭਿਆਸ ਅਤੇ ਮਾਨਸਿਕ ਤਿਆਰੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਵਿਭਾਗ ਦੇ ਸਹਾਇਕ ਪ੍ਰੋਫੈਸਰ ਸ੍ਰੀ ਗੁਰਵਿੰਦਰ ਸਿੰਘ ਸੋਢੀ ਨੇ ਸ੍ਰੀ ਸੁਖਪਾਲ ਸਿੰਘ ਪਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਂਝੇ ਕੀਤੇ ਤਜਰਬੇ ਅਤੇ ਵਿਚਾਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹਨ ਅਤੇ ਉਨ੍ਹਾਂ ਵਿੱਚ ਖੇਡਾਂ ਪ੍ਰਤੀ ਨਵਾਂ ਉਤਸ਼ਾਹ ਪੈਦਾ ਕਰਨਗੇ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
