ਕੁਰੂਕਸ਼ੇਤਰ, 13 ਸਤੰਬਰ, 2026 (ਸੰਜੀਵ ਸ਼ਰਮਾ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਸੁਭਾਸ਼ ਚੰਦਰ ਬੋਸ ਆਫ਼ਤ ਪ੍ਰਬੰਧਨ ਪੁਰਸਕਾਰ-2027 ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਵਿਅਕਤੀ ਅਤੇ ਸੰਸਥਾਵਾਂ awards.gov.in ਪੋਰਟਲ ’ਤੇ 30 ਸਤੰਬਰ ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਗਏ ਅਮੁੱਲੇ ਯੋਗਦਾਨ ਅਤੇ ਨਿਸ਼ਕਾਮ ਸੇਵਾ ਭਾਵਨਾ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਹਰ ਸਾਲ ਸੁਭਾਸ਼ ਚੰਦਰ ਬੋਸ ਆਫ਼ਤ ਪ੍ਰਬੰਧਨ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪੁਰਸਕਾਰ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਸਿਰਫ਼ ਭਾਰਤੀ ਨਾਗਰਿਕ ਅਤੇ ਭਾਰਤੀ ਸੰਸਥਾਵਾਂ ਹੀ ਅਰਜ਼ੀ ਦੇਣ ਦੇ ਯੋਗ ਹਨ। ਸੰਸਥਾਵਾਂ ਵੱਲੋਂ ਸਵੈ-ਸੇਵੀ ਸੰਗਠਨਾਂ, ਕਾਰਪੋਰੇਟ ਸੰਸਥਾਵਾਂ, ਵਿਦਿਅਕ ਅਤੇ ਖੋਜ ਸੰਸਥਾਵਾਂ, ਰਾਹਤ ਕਾਰਜਾਂ ਨਾਲ ਜੁੜੀਆਂ ਸੰਸਥਾਵਾਂ, ਵਰਦੀਧਾਰੀ ਬਲਾਂ ਜਾਂ ਕਿਸੇ ਹੋਰ ਸੰਸਥਾ ਦੀ ਸ਼੍ਰੇਣੀ ਵਿੱਚ ਪੁਰਸਕਾਰ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਰਸਕਾਰ ਲਈ ਉਮੀਦਵਾਰ ਵੱਲੋਂ ਦੇਸ਼ ਵਿੱਚ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ। ਇਸ ਵਿੱਚ ਆਫ਼ਤਾਂ ਦੀ ਰੋਕਥਾਮ, ਨੁਕਸਾਨ ਘਟਾਉਣ, ਤਿਆਰੀ, ਬਚਾਅ, ਪ੍ਰਤੀਕਿਰਿਆ, ਰਾਹਤ, ਪੁਨਰਵਾਸ, ਖੋਜ, ਨਵੀਨਤਾ ਜਾਂ ਇਸ ਨਾਲ ਸਬੰਧਤ ਹੋਰ ਕਾਰਜ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਰਜ਼ੀ ਦੇ ਨਾਲ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਅਤੇ ਯੋਗਦਾਨ ਦਾ ਵਿਸਥਾਰਪੂਰਵਕ ਵੇਰਵਾ ਵੀ ਦੇਣਾ ਲਾਜ਼ਮੀ ਹੈ। ਪੁਰਸਕਾਰ ਨਾਲ ਸਬੰਧਤ ਹੋਰ ਜਾਣਕਾਰੀ ਰਾਸ਼ਟਰੀ ਆਫ਼ਤ ਪ੍ਰਬੰਧਨ ਨਾਲ ਸਬੰਧਤ ਅਧਿਕਾਰਤ ਪੋਰਟਲ ’ਤੇ ਉਪਲਬਧ ਹੈ।







