ਡਰੋਨ ਯੁੱਧ, ਆਧੁਨਿਕ ਫੌਜੀ ਤਕਨੀਕਾਂ ਅਤੇ ਵਿਸਫੋਟਕ ਖਤਰਿਆਂ ਨਾਲ ਨਜਿੱਠਣ ਦੀ ਸਿਖਲਾਈ ’ਤੇ ਦਿੱਤਾ ਜਾ ਰਿਹਾ ਵਿਸ਼ੇਸ਼ ਜ਼ੋਰ
ਇਪੋਹ (ਮਲੇਸ਼ੀਆ), 24 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਭਾਰਤ ਅਤੇ ਮਲੇਸ਼ੀਆ ਦੀਆਂ ਫੌਜਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੱਲ ਰਹੀ ਸਾਂਝੀ ਫੌਜੀ ਮਸ਼ਕ ‘ਹਰਿਮਾਉ ਸ਼ਕਤੀ-2026’ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀ ਜਵਾਨਾਂ ਨੇ ਵਿਸਫੋਟਕ ਯੰਤਰਾਂ ਨਾਲ ਨਜਿੱਠਣ ਸਬੰਧੀ ਵਿਸ਼ੇਸ਼ ਅਭਿਆਸ ਕੀਤਾ। ਇਸ ਸਿਖਲਾਈ ਦਾ ਮੁੱਖ ਉਦੇਸ਼ ਅੱਤਵਾਦ ਵਿਰੋਧੀ ਅਤੇ ਬਗਾਵਤ ਵਿਰੋਧੀ ਕਾਰਵਾਈਆਂ ਦੌਰਾਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਦੇ ਖਤਰਿਆਂ ਦੀ ਪਛਾਣ, ਸੁਰੱਖਿਅਤ ਤਲਾਸ਼ੀ ਅਤੇ ਉਨ੍ਹਾਂ ਨੂੰ ਨਕਾਰਾ ਕਰਨ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਇਸ ਪ੍ਰਦਰਸ਼ਨੀ ਦੌਰਾਨ ਫੌਜੀ ਜਵਾਨਾਂ ਨੂੰ ਖਤਰਨਾਕ ਵਿਸਫੋਟਕਾਂ ਦੀ ਪਛਾਣ, ਯੋਜਨਾਬੱਧ ਤਰੀਕੇ ਨਾਲ ਜਾਂਚ, ਜੋਖਮ ਦਾ ਮੁਲਾਂਕਣ ਅਤੇ ਸੁਰੱਖਿਅਤ ਢੰਗ ਨਾਲ ਵਿਸਫੋਟਕਾਂ ਨੂੰ ਨਕਾਰਾ ਕਰਨ ਦੀਆਂ ਪ੍ਰਕਿਰਿਆਵਾਂ ਬਾਰੇ ਸਿਖਲਾਈ ਦਿੱਤੀ ਗਈ। ਇਸ ਮੌਕੇ EOD 7B ਬੰਬ ਸੂਟ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਭਿਆਸ ਵਿੱਚ ਫੌਜ ਦੇ ਕੰਬੈਟ ਇੰਜੀਨੀਅਰਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ, ਜੋ ਜੰਗੀ ਮੈਦਾਨ ਵਿੱਚ ਰਸਤੇ ਸੁਰੱਖਿਅਤ ਬਣਾਉਣ ਅਤੇ ਵਿਸਫੋਟਕ ਖਤਰਿਆਂ ਨੂੰ ਘਟਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।
19 ਤੋਂ 30 ਨਵੰਬਰ ਤੱਕ ਮਲੇਸ਼ੀਆ ਦੇ ਇਪੋਹ ਵਿੱਚ ਚੱਲ ਰਹੀ ਇਸ ਸੱਤਵੀਂ ਸਾਂਝੀ ਫੌਜੀ ਮਸ਼ਕ ਦਾ ਵਿਸ਼ੇਸ਼ ਧਿਆਨ ਡਰੋਨ ਯੁੱਧ ਅਤੇ ਆਧੁਨਿਕ ਜੰਗੀ ਤਕਨੀਕਾਂ ’ਤੇ ਕੇਂਦਰਿਤ ਹੈ। ਦੋਵਾਂ ਦੇਸ਼ਾਂ ਦੇ ਜਵਾਨਾਂ ਵੱਲੋਂ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ (UAS) ਅਤੇ ਡਰੋਨਾਂ ਦਾ ਮੁਕਾਬਲਾ ਕਰਨ ਵਾਲੀਆਂ ਤਕਨੀਕਾਂ (C-UAS) ਬਾਰੇ ਵਿਸ਼ੇਸ਼ ਸਿਖਲਾਈ ਅਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੈਨਡ-ਅਨਮੈਨਡ ਟੀਮਿੰਗ (MUM-T), ਖੁਫੀਆ ਜਾਣਕਾਰੀ ਦੇ ਆਦਾਨ-ਪ੍ਰਦਾਨ, ਭੂਗੋਲਿਕ ਜਾਣਕਾਰੀ ਪ੍ਰਣਾਲੀਆਂ ਅਤੇ ਹੋਰ ਉੱਭਰ ਰਹੀਆਂ ਫੌਜੀ ਤਕਨੀਕਾਂ ਬਾਰੇ ਵੀ ਵਿਹਾਰਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਸਿਖਲਾਈ ਸੈਸ਼ਨਾਂ ਦਾ ਮਕਸਦ ਜਵਾਨਾਂ ਦੀ ਸਥਿਤੀ ਨੂੰ ਸਮਝਣ ਦੀ ਸਮਰੱਥਾ, ਖੁਫੀਆ ਜਾਣਕਾਰੀ ਇਕੱਠੀ ਕਰਨ, ਫੌਜੀ ਯੋਜਨਾਬੰਦੀ ਅਤੇ ਤੁਰੰਤ ਫੈਸਲੇ ਲੈਣ ਦੀ ਯੋਗਤਾ ਨੂੰ ਹੋਰ ਬਿਹਤਰ ਬਣਾਉਣਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਂਝੀ ਮਸ਼ਕ ਦਾ ਛੇਵਾਂ ਐਡੀਸ਼ਨ ਦਸੰਬਰ 2025 ਵਿੱਚ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿਖੇ ਕਰਵਾਇਆ ਗਿਆ ਸੀ। ਉਸ ਸਮੇਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਸੰਯੁਕਤ ਰਾਸ਼ਟਰ ਦੇ ਆਦੇਸ਼ ਅਧੀਨ ਅਰਧ-ਸ਼ਹਿਰੀ ਅਤੇ ਸ਼ਹਿਰੀ ਖੇਤਰਾਂ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ, ਸਾਂਝੀ ਗਸ਼ਤ, ਘਾਤ ਲਗਾਉਣ ਦੀਆਂ ਰਣਨੀਤੀਆਂ, ਹੈਲੀਕਾਪਟਰ ਰਾਹੀਂ ਫੌਜੀ ਦਸਤਿਆਂ ਦੀ ਤਾਇਨਾਤੀ ਅਤੇ ਕਮਾਂਡ ਪੋਸਟ ਅਭਿਆਸ ਵਿੱਚ ਹਿੱਸਾ ਲਿਆ ਸੀ। ਮੌਜੂਦਾ ਐਡੀਸ਼ਨ ਵਿੱਚ ਡਰੋਨ ਅਤੇ ਮਨੁੱਖ ਰਹਿਤ ਪ੍ਰਣਾਲੀਆਂ ਨੂੰ ਫੌਜੀ ਕਾਰਵਾਈਆਂ ਨਾਲ ਜੋੜਨ ’ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਇਹ ਸਾਂਝੀ ਮਸ਼ਕ ਭਾਰਤ ਅਤੇ ਮਲੇਸ਼ੀਆ ਵਿਚਕਾਰ ਵਧ ਰਹੇ ਰੱਖਿਆ ਸਬੰਧਾਂ, ਫੌਜੀ ਤਾਲਮੇਲ ਅਤੇ ਆਪਸੀ ਤਜਰਬੇ ਸਾਂਝੇ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
