ਤੇਲ ਅਵੀਵ, 23 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਈਰਾਨ ਵਿਰੁੱਧ ਨਵੇਂ ਫੌਜੀ ਹਮਲੇ ਦੀਆਂ ਸੰਭਾਵਨਾਵਾਂ ਦਰਮਿਆਨ ਇਜ਼ਰਾਈਲ ਦੀ ਫੌਜੀ ਖੁਫੀਆ ਏਜੰਸੀ (IDF) ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗੰਭੀਰ ਚਿਤਾਵਨੀ ਦਿੱਤੀ ਹੈ। ਖੁਫੀਆ ਅਧਿਕਾਰੀਆਂ ਅਨੁਸਾਰ ਈਰਾਨ ’ਤੇ ਕੀਤਾ ਜਾਣ ਵਾਲਾ ਕੋਈ ਵੀ ਹਮਲਾ ਸਿਰਫ਼ ਦੋ ਦੇਸ਼ਾਂ ਵਿਚਕਾਰ ਜੰਗ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਸ ਦੇ ਲੇਬਨਾਨ, ਸੀਰੀਆ ਅਤੇ ਗਾਜ਼ਾ ਸਮੇਤ ਪੂਰੇ ਮੱਧ ਪੂਰਬ ਵਿੱਚ ਫੈਲਣ ਦਾ ਖ਼ਤਰਾ ਹੈ। ‘ਦਿ ਟਾਈਮਜ਼ ਆਫ਼ ਇਜ਼ਰਾਈਲ’ ਨੇ ਚੈਨਲ-12 ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਇਹ ਮੁਲਾਂਕਣ ਨੇਤਨਯਾਹੂ ਅਤੇ ਇਜ਼ਰਾਈਲ ਦੇ ਉੱਚ ਰੱਖਿਆ ਅਧਿਕਾਰੀਆਂ ਨਾਲ ਹੋਈ ਗੁਪਤ ਮੀਟਿੰਗ ਦੌਰਾਨ ਪੇਸ਼ ਕੀਤਾ ਗਿਆ। ਫੌਜੀ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਈਰਾਨ ਵਿਰੁੱਧ ਕਾਰਵਾਈ ਨਾਲ ਕਈ ਜੰਗੀ ਮੋਰਚੇ ਖੁੱਲ੍ਹ ਸਕਦੇ ਹਨ। ਇਹ ਮੁਲਾਂਕਣ ਉਨ੍ਹਾਂ ਉਮੀਦਾਂ ਦੇ ਉਲਟ ਹੈ, ਜਿਨ੍ਹਾਂ ਅਨੁਸਾਰ ਜੰਗ ਨੂੰ ਤਿੰਨ ਤੋਂ ਪੰਜ ਦਿਨਾਂ ਵਿੱਚ ਖ਼ਤਮ ਜਾਂ ਕਾਬੂ ਕੀਤਾ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਨੇਤਨਯਾਹੂ ਈਰਾਨ ਵਿਰੁੱਧ ਨਵੀਂ ਅਤੇ ਨਿਰਣਾਇਕ ਫੌਜੀ ਕਾਰਵਾਈ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸੀਨੀਅਰ ਮੰਤਰੀਆਂ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਥਿਤ ਤੌਰ ’ਤੇ ਕਿਹਾ ਕਿ ਈਰਾਨ ਵਿਰੁੱਧ ਕਾਰਵਾਈ ਟਾਲਣੀ ਸੰਭਵ ਨਹੀਂ ਹੈ। ਇਸ ਸਬੰਧੀ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਇਸ ਦੌਰਾਨ ਇਜ਼ਰਾਈਲੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਚੈਨਲ-13 ਨੂੰ ਦੱਸਿਆ ਕਿ ਇਜ਼ਰਾਈਲ ਅਤੇ ਅਮਰੀਕੀ ਸੈਂਟਰਲ ਕਮਾਂਡ ਕੋਲ ਸਾਂਝੀਆਂ ਅਤੇ ਮਨਜ਼ੂਰਸ਼ੁਦਾ ਫੌਜੀ ਯੋਜਨਾਵਾਂ ਮੌਜੂਦ ਹਨ। ਹੁਣ ਮੁੱਖ ਸਵਾਲ ਸਿਰਫ਼ ਕਾਰਵਾਈ ਦੇ ਸਮੇਂ ਨੂੰ ਲੈ ਕੇ ਹੈ। ਹਾਲਾਂਕਿ, ਦੋਵੇਂ ਦੇਸ਼ ਅਮਰੀਕੀ ਰਾਸ਼ਟਰਪਤੀ ਦੇ ਅੰਤਿਮ ਫੈਸਲੇ ਦੀ ਉਡੀਕ ਕਰ ਰਹੇ ਹਨ।
ਦੂਜੇ ਪਾਸੇ ਡੋਨਾਲਡ ਟਰੰਪ ਨੇ ਫਿਲਹਾਲ ਈਰਾਨ ਵਿਰੁੱਧ ਕਿਸੇ ਨਵੀਂ ਫੌਜੀ ਕਾਰਵਾਈ ਬਾਰੇ ਜਲਦਬਾਜ਼ੀ ਨਾ ਕਰਨ ਦੇ ਸੰਕੇਤ ਦਿੱਤੇ ਹਨ। ‘ਐਕਸੀਓਸ’ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਹ ਈਰਾਨ ਬਾਰੇ ਕੋਈ ਫੈਸਲਾ ਜਲਦਬਾਜ਼ੀ ਵਿੱਚ ਨਹੀਂ ਲੈਣਾ ਚਾਹੁੰਦੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਸਥਿਤੀ ਦੇਖ ਕੇ ਅਗਲਾ ਕਦਮ ਚੁੱਕਣਗੇ। ਹਾਲਾਂਕਿ ਅਮਰੀਕਾ ਨੇ ਇਜ਼ਰਾਈਲ ਨਾਲ ਮਿਲ ਕੇ ਸੰਭਾਵਿਤ ਹਮਲੇ ਦਾ ਵਿਕਲਪ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਹੈ। ਰਿਪੋਰਟਾਂ ਅਨੁਸਾਰ ਅਮਰੀਕਾ ਵੱਲੋਂ ਸੰਭਾਵਿਤ ਫੌਜੀ ਨਿਸ਼ਾਨਿਆਂ ਵਿੱਚ ਈਰਾਨ ਦੇ ਸ਼ੱਕੀ ਪਰਮਾਣੂ ਟਿਕਾਣੇ, ਖ਼ਾਸ ਕਰਕੇ ਪਿਕਐਕਸ ਮਾਊਂਟੇਨ ਸਹੂਲਤ ਸ਼ਾਮਲ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਾਂ, ਬਿਜਲੀ ਘਰਾਂ ਅਤੇ ਈਰਾਨ ਦੇ ਸੀਨੀਅਰ ਫੌਜੀ ਤੇ ਸਿਵਲ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਅਮਰੀਕੀ ਵ੍ਹਾਈਟ ਹਾਊਸ ਨੇ ਪੈਂਟਾਗਨ ਅਤੇ ਖੁਫੀਆ ਏਜੰਸੀਆਂ ਤੋਂ ਇਹ ਮੁਲਾਂਕਣ ਵੀ ਮੰਗਿਆ ਹੈ ਕਿ ਜੇਕਰ ਅਮਰੀਕਾ ਅਤੇ ਇਜ਼ਰਾਈਲ ਸਾਂਝੇ ਤੌਰ ’ਤੇ ਹਮਲਾ ਕਰਦੇ ਹਨ ਤਾਂ ਈਰਾਨ ਕਿਸ ਤਰ੍ਹਾਂ ਜਵਾਬੀ ਕਾਰਵਾਈ ਕਰ ਸਕਦਾ ਹੈ। ਖ਼ਾਸ ਚਿੰਤਾ ਇਹ ਹੈ ਕਿ ਤਹਿਰਾਨ ਖਾੜੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜਿਸ ਨਾਲ ਪੂਰੇ ਖੇਤਰ ਦੀ ਸੁਰੱਖਿਆ ਅਤੇ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਇਸੇ ਦੌਰਾਨ ਨੇਤਨਯਾਹੂ ਨੇ ਮੋਸਾਦ ਮੁਖੀ ਰੋਮਨ ਗੋਫਮੈਨ ਨੂੰ ਅਮਰੀਕਾ ਭੇਜਿਆ ਸੀ, ਜਿੱਥੇ ਉਨ੍ਹਾਂ ਨੇ CIA ਦੇ ਡਾਇਰੈਕਟਰ ਜੌਨ ਰੈਟਕਲਿਫ ਅਤੇ ਵ੍ਹਾਈਟ ਹਾਊਸ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨਾਲ ਮੁਲਾਕਾਤਾਂ ਕੀਤੀਆਂ। ਰਿਪੋਰਟਾਂ ਅਨੁਸਾਰ ਇਨ੍ਹਾਂ ਗੱਲਬਾਤਾਂ ਵਿੱਚ ਈਰਾਨ ਵਿਰੁੱਧ ਮੁੜ ਫੌਜੀ ਕਾਰਵਾਈ ਅਤੇ ਕਥਿਤ ਰਸਾਇਣਕ ਹਥਿਆਰਾਂ ਨਾਲ ਜੁੜੀ ਖੋਜ ਬਾਰੇ ਇਜ਼ਰਾਈਲ ਦੀਆਂ ਚਿੰਤਾਵਾਂ ਵੀ ਉਠਾਈਆਂ ਗਈਆਂ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਕੋਲ ਇਸ ਸਬੰਧੀ ਖੁਫੀਆ ਜਾਣਕਾਰੀ ਹੈ ਅਤੇ ਟਰੰਪ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ।
ਉੱਧਰ, ਇਜ਼ਰਾਈਲ ਦੀ ਵਿਰੋਧੀ ਪਾਰਟੀ ‘ਯਿਸਰਾਏਲ ਬੇਤੇਨੂ’ ਦੇ ਆਗੂ ਅਵਿਗਦੋਰ ਲੀਬਰਮੈਨ ਨੇ ਈਰਾਨ ਵਿਰੁੱਧ ਤੁਰੰਤ ਫੌਜੀ ਕਾਰਵਾਈ ਦੀ ਲੋੜ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਨੇਤਨਯਾਹੂ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਦੇਸ਼ ਦੀ ਸੁਰੱਖਿਆ ਨਾਲੋਂ ਘਰੇਲੂ ਰਾਜਨੀਤੀ ਨੂੰ ਵਧੇਰੇ ਤਰਜੀਹ ਦੇ ਰਹੀ ਹੈ। ਲੀਬਰਮੈਨ ਨੇ ਚੈਨਲ-12 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਅਮਰੀਕੀ ਜਨਤਾ ਦੀ ਰਾਏ ਵਿੱਚ ਦੇਸ਼ ਦੀ ਸਾਖ ਨੂੰ ਇੰਨਾ ਵੱਡਾ ਨੁਕਸਾਨ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਕੋਈ ਤੁਰੰਤ ਸੁਰੱਖਿਆ ਐਮਰਜੈਂਸੀ ਨਹੀਂ ਹੈ ਅਤੇ ਜੇਕਰ ਇਸ ਸਮੇਂ ਫੌਜੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਰਾਜਨੀਤਿਕ ਮਕਸਦਾਂ ਨਾਲ ਜੋੜ ਕੇ ਦੇਖਿਆ ਜਾਵੇਗਾ। ਇਸ ਤਰ੍ਹਾਂ ਈਰਾਨ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਫੌਜੀ ਰਣਨੀਤੀ ’ਤੇ ਚਰਚਾ ਤੇਜ਼ ਹੋ ਗਈ ਹੈ, ਪਰ ਖੇਤਰ ਵਿੱਚ ਕਈ ਦੇਸ਼ਾਂ ਤੱਕ ਜੰਗ ਫੈਲਣ ਦੇ ਖ਼ਤਰੇ ਕਾਰਨ ਕਿਸੇ ਵੀ ਫੈਸਲੇ ਦੇ ਗੰਭੀਰ ਅੰਤਰਰਾਸ਼ਟਰੀ ਨਤੀਜੇ ਨਿਕਲ ਸਕਦੇ ਹਨ।
