100 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ ਕੈਨੇਡਾ; ਰੱਖਿਆ ਤਕਨਾਲੋਜੀ ਅਤੇ ਨਵੇਂ ਸਟਾਰਟਅੱਪਸ ਨੂੰ ਮਿਲੇਗਾ ਵੱਡਾ ਹੁਲਾਰਾ
ਓਟਾਵਾ, 22 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਕੈਨੇਡਾ ਨੇ NATO ਇਨੋਵੇਸ਼ਨ ਫੰਡ (NIF) ਵਿੱਚ ਸ਼ਾਮਲ ਹੋ ਕੇ ਇੱਕ ਨਵਾਂ ਰਣਨੀਤਕ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਕੈਨੇਡਾ ਇਸ ਫੰਡ ਦਾ 25ਵਾਂ ਭਾਈਵਾਲ ਦੇਸ਼ ਅਤੇ ਉੱਤਰੀ ਅਮਰੀਕਾ ਦਾ ਪਹਿਲਾ ਦੇਸ਼ ਬਣ ਗਿਆ ਹੈ। ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਇਸ ਸਬੰਧੀ ਅਧਿਕਾਰਤ ਐਲਾਨ ਕੀਤਾ। ਕੈਨੇਡਾ ਇਸ ਪਹਿਲਕਦਮੀ ਤਹਿਤ 100 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 70 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦਾ ਯੋਗਦਾਨ ਦੇਵੇਗਾ। ਇਸ ਨਾਲ NATO ਇਨੋਵੇਸ਼ਨ ਫੰਡ ਨੂੰ ਕੈਨੇਡਾ ਦੇ ਸਟਾਰਟਅੱਪਸ ਅਤੇ ਨਿਵੇਸ਼ ਫੰਡਾਂ ਵਿੱਚ ਪੂੰਜੀ ਲਗਾਉਣ ਦਾ ਰਾਹ ਖੁੱਲ੍ਹੇਗਾ।
ਇਸ ਭਾਈਵਾਲੀ ਨਾਲ ਕੈਨੇਡਾ ਦੀਆਂ ਰੱਖਿਆ ਤਕਨਾਲੋਜੀ ਕੰਪਨੀਆਂ ਨੂੰ ਇੱਕ ਅਰਬ ਯੂਰੋ ਤੋਂ ਵੱਧ ਦੇ ਨਿਵੇਸ਼ ਸਰੋਤਾਂ ਤੱਕ ਪਹੁੰਚ ਮਿਲ ਸਕੇਗੀ। ਇਸ ਨਾਲ ਨਵੀਆਂ ਤਕਨੀਕਾਂ ਦੇ ਵਿਕਾਸ, ਉੱਚ ਹੁਨਰ ਵਾਲੀਆਂ ਨੌਕਰੀਆਂ ਦੀ ਸਿਰਜਣਾ ਅਤੇ ਰੱਖਿਆ ਉਦਯੋਗ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਸਾਲ 2022 ਵਿੱਚ ਸਥਾਪਿਤ NATO ਇਨੋਵੇਸ਼ਨ ਫੰਡ ਦੁਨੀਆ ਦਾ ਪਹਿਲਾ ਬਹੁ-ਦੇਸ਼ੀ ਵੈਂਚਰ ਕੈਪੀਟਲ ਫੰਡ ਹੈ। ਇਸ ਦਾ ਮੁੱਖ ਉਦੇਸ਼ ਰੱਖਿਆ, ਸੁਰੱਖਿਆ ਅਤੇ ਆਧੁਨਿਕ ਤਕਨਾਲੋਜੀ ਨਾਲ ਜੁੜੀਆਂ ਨਵੀਨਤਮ ਕਾਢਾਂ ਵਿੱਚ ਨਿਵੇਸ਼ ਕਰਨਾ ਹੈ। ਕੈਨੇਡਾ ਦੇ ਸ਼ਾਮਲ ਹੋਣ ਨਾਲ ਹੁਣ ਇਸ ਫੰਡ ਵਿੱਚ 25 NATO ਮੈਂਬਰ ਦੇਸ਼ ਭਾਗੀਦਾਰ ਬਣ ਗਏ ਹਨ, ਜਿਨ੍ਹਾਂ ਵਿੱਚ 24 ਯੂਰਪੀ ਦੇਸ਼ ਅਤੇ ਕੈਨੇਡਾ ਸ਼ਾਮਲ ਹਨ। ਹਾਲਾਂਕਿ NATO ਦੇ ਸਾਰੇ 32 ਮੈਂਬਰ ਇਸ ਫੰਡ ਦਾ ਹਿੱਸਾ ਨਹੀਂ ਹਨ ਅਤੇ ਅਮਰੀਕਾ ਵੀ ਇਸ ਦੇ ਭਾਗੀਦਾਰਾਂ ਵਿੱਚ ਸ਼ਾਮਲ ਨਹੀਂ ਹੈ।
