ਪਾਪਾ ਨਾਲ ਜਿੱਦ ਕਰਕੇ ਖੇਤਾਂ ਵਿਚ ਗਿਆ ਸੀ 4 ਸਾਲਾ ਨਿਰਵੈਰ ਸਿੰਘ
ਅੰਬਾਲਾ, 1 ਜੁਲਾਈ: (ਸੰਜੀਵ ਸ਼ਰਮਾ): ਹਰਿਆਣਾ ਦੇ ਅੰਬਾਲਾ ਵਿੱਚ ਵਾਪਰੇ ਦਰਦਨਾਕ ਬੋਰਵੈੱਲ ਹਾਦਸੇ ‘ਚ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਿਆ 4 ਸਾਲਾਂ ਦਾ ਨਿਰਵੈਰ ਸਿੰਘ। ਬੁੱਧਵਾਰ ਸਵੇਰੇ ਕਰੀਬ 3:30 ਵਜੇ ਉਸ ਦੀ ਲਾਸ਼ ਬੋਰਵੈੱਲ ਵਿੱਚੋਂ ਬਾਹਰ ਕੱਢੀ ਗਈ।
220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਨਿਰਵੈਰ ਨੂੰ ਲਗਭਗ 21 ਘੰਟੇ ਤੱਕ ਚੱਲੇ ਰੈਸਕਿਊ ਆਪਰੇਸ਼ਨ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਬੱਚੇ ਨੂੰ ਬਚਾਉਣ ਲਈ ਫੌਜ, ਐਨਡੀਆਰਐਫ (NDRF), ਐਸਡੀਆਰਐਫ (SDRF) ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਲਗਾਤਾਰ ਬਚਾਅ ਕਾਰਜ ਚਲਾਇਆ। ਆਧੁਨਿਕ ਮਸ਼ੀਨਰੀ ਅਤੇ ਹਰ ਸੰਭਵ ਤਰੀਕੇ ਨਾਲ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਮਾਸੂਮ ਦੀ ਜ਼ਿੰਦਗੀ ਨਹੀਂ ਬਚਾਈ ਜਾ ਸਕੀ।
ਨਿਰਵੈਰ ਦੀ ਲਾਸ਼ ਨੂੰ ਅੰਬਾਲਾ ਸਿਟੀ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਨਿਰਵੈਰ ਨੇ ਆਪਣੇ ਪਿਤਾ ਮਨਜੀਤ ਸਿੰਘ ਨਾਲ ਖੇਤਾਂ ਵਿੱਚ ਜਾਣ ਦੀ ਜ਼ਿੱਦ ਕੀਤੀ ਸੀ। ਪਹਿਲਾਂ ਪਿਤਾ ਨੇ ਉਸ ਨੂੰ ਨਾਲ ਲੈ ਜਾਣ ਤੋਂ ਇਨਕਾਰ ਕੀਤਾ, ਪਰ ਬੱਚੇ ਨੇ ਮਾਸੂਮੀਅਤ ਨਾਲ ਕਿਹਾ, “ਪਾਪਾ, ਜੇ ਤੁਸੀਂ ਮੈਨੂੰ ਖੇਤਾਂ ਵਿੱਚ ਨਹੀਂ ਲੈ ਕੇ ਜਾਂਦੇ, ਤਾਂ ਮੈਂ ਬਿਮਾਰ ਹੋ ਜਾਵਾਂਗਾ ਅਤੇ ਫਿਰ ਮੈਂ ਸਕੂਲ ਵੀ ਨਹੀਂ ਜਾਵਾਂਗਾ।” ਪੁੱਤਰ ਦੀ ਗੱਲ ਸੁਣ ਕੇ ਪਿਤਾ ਉਸ ਨੂੰ ਆਪਣੇ ਨਾਲ ਖੇਤਾਂ ਵਿੱਚ ਲੈ ਗਿਆ।
ਸਵੇਰੇ ਕਰੀਬ 6:30 ਵਜੇ ਪਿਤਾ ਅਤੇ ਪੁੱਤਰ ਦਾਦਾ ਕਰਨੈਲ ਸਿੰਘ ਲਈ ਰੋਟੀ ਲੈ ਕੇ ਖੇਤ ਪਹੁੰਚੇ। ਕਰੀਬ ਅੱਧੇ ਘੰਟੇ ਬਾਅਦ ਜਦੋਂ ਨਿਰਵੈਰ ਖੇਡ ਰਿਹਾ ਸੀ ਤਾਂ ਉਹ ਫਿਸਲ ਕੇ ਖੇਤ ਵਿੱਚ ਮੌਜੂਦ ਇੱਕ ਖੁੱਲ੍ਹੇ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਹੜਕੰਪ ਮਚ ਗਿਆ। ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਵੱਡੇ ਪੱਧਰ ‘ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਕਈ ਘੰਟਿਆਂ ਦੀ ਸਖ਼ਤ ਮਿਹਨਤ ਅਤੇ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਜ਼ਿੰਦਾ ਬਾਹਰ ਨਹੀਂ ਕੱਢਿਆ ਜਾ ਸਕਿਆ।
ਇਸ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਖੁੱਲ੍ਹੇ ਅਤੇ ਅਸੁਰੱਖਿਅਤ ਬੋਰਵੈੱਲਾਂ ਦੇ ਮੁੱਦੇ ਨੂੰ ਉਭਾਰ ਦਿੱਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਅਜਿਹੇ ਖਤਰਨਾਕ ਬੋਰਵੈੱਲਾਂ ਨੂੰ ਤੁਰੰਤ ਸੀਲ ਕਰਨ ਅਤੇ ਸਖ਼ਤ ਨਿਗਰਾਨੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
