ਪਟਿਆਲਾ: 31 ਜੁਲਾਈ 2026 (ਬਲਜੀਤ ਸਰਨਾ): ਪਟਿਆਲਾ ਦਿਹਾਤੀ ਦੇ ਪਿੰਡ ਜੱਸੋਵਾਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਨੂੰ ਲੈ ਕੇ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਪਿਆ। ਯੋਜਨਾ ਤਹਿਤ ਮਕਾਨਾਂ ਦੀ ਗ੍ਰਾਂਟ ਨਾ ਮਿਲਣ ਦਾ ਦੋਸ਼ ਲਗਾਉਂਦਿਆਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਰਦਾ ਮਹਿ ਸਥਿਤ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ 2018 ਤੋਂ ਲਗਾਤਾਰ ਅਰਜ਼ੀਆਂ ਅਤੇ ਸਰਵੇ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਯੋਗ ਪਰਿਵਾਰ ਨੂੰ ਯੋਜਨਾ ਦਾ ਲਾਭ ਨਹੀਂ ਮਿਲਿਆ।
video link:
https://www.facebook.com/reel/1358664406461894
ਧਰਨੇ ਦੀ ਅਗਵਾਈ ਕਰ ਰਹੀ ਆਗੂ ਸ਼ਵੇਤਾ ਜਿੰਦਲ ਨੇ ਦੱਸਿਆ ਕਿ ਪਿੰਡ ਦੇ 30 ਤੋਂ 40 ਗਰੀਬ ਪਰਿਵਾਰਾਂ ਨੇ 2018-19 ਦੌਰਾਨ PMAY ਲਈ ਅਰਜ਼ੀਆਂ ਦਿੱਤੀਆਂ ਸਨ। ਸਰਕਾਰੀ ਟੀਮਾਂ ਵੱਲੋਂ ਸਰਵੇ ਵੀ ਕੀਤਾ ਗਿਆ, ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਨੂੰ ਵੀ ਗ੍ਰਾਂਟ ਜਾਰੀ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨੇ ਕਈ ਵਾਰ ਬੀਡੀਪੀਓ ਦਫ਼ਤਰ ਦੇ ਚੱਕਰ ਲਗਾਏ, ਪਰ ਹਰ ਵਾਰ ਟਾਲਮਟੋਲ ਵਾਲਾ ਜਵਾਬ ਹੀ ਮਿਲਿਆ।
ਸ਼ਵੇਤਾ ਜਿੰਦਲ ਨੇ ਇਹ ਵੀ ਦਾਅਵਾ ਕੀਤਾ ਕਿ ਬੀਡੀਪੀਓ ਦਫ਼ਤਰ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ 2018-19 ਦੀਆਂ ਫਾਈਲਾਂ ਬੰਦ ਹੋ ਚੁੱਕੀਆਂ ਹਨ ਅਤੇ ਹੁਣ ਸਿਰਫ਼ 2025 ਦੇ ਨਵੇਂ ਸਰਵੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਵਾਲ ਕੀਤਾ ਕਿ ਜੇ ਉਸ ਸਮੇਂ ਗ੍ਰਾਂਟ ਮਨਜ਼ੂਰ ਹੋਈ ਸੀ ਤਾਂ ਉਹ ਰਕਮ ਕਿੱਥੇ ਗਈ। ਨਾਲ ਹੀ ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਦੇ ਭਰਾ ਨੂੰ ਯੋਜਨਾ ਦਾ ਲਾਭ ਮਿਲ ਗਿਆ, ਜਦਕਿ ਹੋਰ ਲੋੜਵੰਦ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਧਰਨੇ ‘ਤੇ ਬੈਠੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ 2018 ਤੋਂ ਹੁਣ ਤੱਕ ਕਰੀਬ 10 ਵਾਰ ਫਾਰਮ ਭਰ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਹਰ ਵਾਰ ਅਧਿਕਾਰੀ ਸਿਰਫ਼ ਘਰਾਂ ਦੀਆਂ ਬਾਹਰੋਂ ਤਸਵੀਰਾਂ ਖਿੱਚਦੇ ਹਨ, ਆਧਾਰ ਕਾਰਡ ਅਤੇ ਬੈਂਕ ਵੇਰਵੇ ਇਕੱਠੇ ਕਰਦੇ ਹਨ, ਪਰ ਅਸਲ ਜਾਂਚ ਨਹੀਂ ਹੁੰਦੀ। ਉਨ੍ਹਾਂ ਯੋਜਨਾ ਦੇ ਲਾਭਪਾਤਰੀਆਂ ਦੀ ਚੋਣ ਵਿੱਚ ਪਾਰਦਰਸ਼ਤਾ ਦੀ ਘਾਟ ਹੋਣ ਦੇ ਵੀ ਦੋਸ਼ ਲਗਾਏ।
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ 2018 ਤੋਂ ਹੁਣ ਤੱਕ PMAY ਨਾਲ ਸਬੰਧਤ ਪੂਰਾ ਰਿਕਾਰਡ ਜਨਤਕ ਕੀਤਾ ਜਾਵੇ, ਇਹ ਸਪੱਸ਼ਟ ਕੀਤਾ ਜਾਵੇ ਕਿ ਗ੍ਰਾਂਟ ਕਿਹੜੇ-ਕਿਹੜੇ ਖਾਤਿਆਂ ਵਿੱਚ ਭੇਜੀ ਗਈ ਅਤੇ ਸਾਰੇ ਯੋਗ ਪਰਿਵਾਰਾਂ ਨੂੰ ਤੁਰੰਤ ਯੋਜਨਾ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।






