OpenAI, Google, Microsoft ਅਤੇ Anthropic ਵੱਲੋਂ ਨਵੇਂ ‘Policy Token’ ਸਟੈਂਡਰਡ ਨੂੰ ਸਮਰਥਨ, ਵੈੱਬਸਾਈਟ ਮਾਲਕਾਂ ਨੂੰ ਮਿਲੇਗਾ ਸਮੱਗਰੀ ‘ਤੇ ਵਧੇਰੇ ਕੰਟਰੋਲ
ਟੈਕਨਾਲੋਜੀ, 2 ਨਵੰਬਰ 2026 (ਛੱਤਰਪਾਲ ਸਿੰਘ) : ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਤੇਜ਼ੀ ਨਾਲ ਵਧ ਰਹੇ ਦੌਰ ਵਿੱਚ ਹੁਣ ਡਿਜੀਟਲ ਪ੍ਰਕਾਸ਼ਕਾਂ ਅਤੇ ਨਿਊਜ਼ ਵੈੱਬਸਾਈਟਾਂ ਨੂੰ ਆਪਣੀ ਸਮੱਗਰੀ ਦੀ ਸੁਰੱਖਿਆ ਲਈ ਇੱਕ ਨਵਾਂ ਵਿਕਲਪ ਮਿਲਣ ਜਾ ਰਿਹਾ ਹੈ। OpenAI, Google, Microsoft ਅਤੇ Anthropic ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਇੱਕ ਸਾਂਝੇ ਮਾਪਦੰਡ ਨੂੰ ਅਪਣਾਉਣ ਦੀ ਤਿਆਰੀ ਕਰ ਰਹੀਆਂ ਹਨ, ਜਿਸ ਰਾਹੀਂ ਵੈੱਬਸਾਈਟ ਮਾਲਕ ਇਹ ਸਪੱਸ਼ਟ ਕਰ ਸਕਣਗੇ ਕਿ ਉਨ੍ਹਾਂ ਦੀ ਸਮੱਗਰੀ ਦੀ ਵਰਤੋਂ AI ਮਾਡਲਾਂ ਦੀ ਟ੍ਰੇਨਿੰਗ ਲਈ ਨਾ ਕੀਤੀ ਜਾਵੇ। ਇਸ ਨਵੇਂ ਪ੍ਰਸਤਾਵਿਤ ਮਾਪਦੰਡ ਨੂੰ ‘Policy Token’ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਮਕਸਦ ਪ੍ਰਕਾਸ਼ਕਾਂ ਨੂੰ ਇੱਕ ਅਜਿਹਾ ਸਾਂਝਾ ਸੰਕੇਤ ਦੇਣਾ ਹੈ, ਜਿਸ ਨੂੰ ਵੱਖ-ਵੱਖ AI ਕੰਪਨੀਆਂ ਸਮਝ ਸਕਣ ਅਤੇ ਉਸ ਅਨੁਸਾਰ ਆਪਣੀਆਂ ਵੈੱਬ ਕ੍ਰਾਲਰ ਸੇਵਾਵਾਂ ਨੂੰ ਨਿਯੰਤਰਿਤ ਕਰ ਸਕਣ।
Robots.txt ਫਾਈਲ ਵਿੱਚ ਜੋੜਿਆ ਜਾਵੇਗਾ ਨਵਾਂ ਸੰਕੇਤ
ਇਹ ਪ੍ਰਸਤਾਵ Anthropic ਦੇ ਸਟੈਂਡਰਡ ਤਕਨੀਕੀ ਮਾਹਿਰ ਕੇਵਿਨ ਕੈਲੀ ਵੱਲੋਂ Internet Engineering Task Force (IETF) ਦੇ ਮੰਚ ‘ਤੇ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਪ੍ਰਕਾਸ਼ਕ ਆਪਣੀ ਵੈੱਬਸਾਈਟ ਦੀ robots.txt ਫਾਈਲ ਵਿੱਚ Policy Token ਜੋੜ ਸਕਣਗੇ। ਜ਼ਿਕਰਯੋਗ ਹੈ ਕਿ robots.txt ਪਹਿਲਾਂ ਤੋਂ ਹੀ ਵੈੱਬਸਾਈਟਾਂ ‘ਤੇ ਮੌਜੂਦ ਇੱਕ ਪ੍ਰੋਟੋਕੋਲ ਹੈ, ਜਿਸ ਰਾਹੀਂ ਵੈੱਬਸਾਈਟ ਮਾਲਕ ਸਰਚ ਇੰਜਣਾਂ ਅਤੇ ਹੋਰ ਵੈੱਬ ਕ੍ਰਾਲਰਾਂ ਨੂੰ ਦੱਸ ਸਕਦੇ ਹਨ ਕਿ ਉਨ੍ਹਾਂ ਦੀ ਸਾਈਟ ਦੇ ਕਿਹੜੇ ਹਿੱਸਿਆਂ ਤੱਕ ਪਹੁੰਚ ਦੀ ਇਜਾਜ਼ਤ ਹੈ। ਨਵਾਂ Policy Token ਇਸ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਦੀ ਕੋਸ਼ਿਸ਼ ਹੈ। ਇਸ ਦੀ ਖਾਸ ਗੱਲ ਇਹ ਹੋਵੇਗੀ ਕਿ ਪ੍ਰਕਾਸ਼ਕਾਂ ਨੂੰ ਹਰ AI ਕੰਪਨੀ ਲਈ ਵੱਖਰੇ ਤੌਰ ‘ਤੇ ਆਪਣੀਆਂ ਪਾਬੰਦੀਆਂ ਤੈਅ ਕਰਨ ਦੀ ਲੋੜ ਨਹੀਂ ਪਵੇਗੀ। ਇੱਕੋ ਸਾਂਝੇ ਸੰਕੇਤ ਰਾਹੀਂ ਕਈ AI ਕੰਪਨੀਆਂ ਤੱਕ ਆਪਣੀ ਨੀਤੀ ਪਹੁੰਚਾਈ ਜਾ ਸਕੇਗੀ।
AI ਕੰਪਨੀਆਂ ਵੱਲੋਂ ਮਿਲਿਆ ਸਮਰਥਨ
ਰਿਪੋਰਟਾਂ ਅਨੁਸਾਰ, Anthropic ਪਹਿਲਾਂ ਹੀ ਇਸ ਸੰਕੇਤ ਨੂੰ ਅਪਣਾ ਚੁੱਕੀ ਹੈ, ਜਦਕਿ OpenAI ਨੇ ਆਉਣ ਵਾਲੇ ਮਹੀਨਿਆਂ ਵਿੱਚ ਇਸ ਨੂੰ ਲਾਗੂ ਕਰਨ ਦੀ ਯੋਜਨਾ ਦੱਸੀ ਹੈ। Google ਅਤੇ Microsoft ਨੇ ਵੀ ਅਗਲੇ ਸਾਲ ਇਸ ਦਾ ਸਮਰਥਨ ਕਰਨ ਦੀ ਯੋਜਨਾ ਬਣਾਈ ਹੈ। ਦੂਜੇ ਪਾਸੇ, Meta ਨੇ ਵੀ ਨਵੇਂ ਸਟੈਂਡਰਡ ਲਈ ਸਮਰਥਨ ਦਾ ਸੰਕੇਤ ਦਿੱਤਾ ਹੈ, ਪਰ ਕੰਪਨੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਇਸ ਨੂੰ ਕਦੋਂ ਲਾਗੂ ਕਰੇਗੀ। Meta ਦੇ ਸੰਚਾਰ ਮੁਖੀ ਐਂਡੀ ਸਟੋਨ ਨੇ ਕਿਹਾ ਹੈ ਕਿ ਵੱਖ-ਵੱਖ AI ਕੰਪਨੀਆਂ ਤੱਕ ਪ੍ਰਕਾਸ਼ਕਾਂ ਦੀਆਂ ਪਸੰਦਾਂ ਅਤੇ ਪਾਬੰਦੀਆਂ ਪਹੁੰਚਾਉਣ ਲਈ ਇੱਕ ਸਾਂਝਾ ਸੰਕੇਤ ਬਣਾਉਣਾ ਮਹੱਤਵਪੂਰਨ ਕਦਮ ਹੈ।
ਪ੍ਰਕਾਸ਼ਕਾਂ ਅਤੇ AI ਕੰਪਨੀਆਂ ਵਿਚਾਲੇ ਵਧ ਰਿਹਾ ਵਿਵਾਦ
ਪਿਛਲੇ ਕੁਝ ਸਮੇਂ ਤੋਂ ਨਿਊਜ਼ ਸੰਸਥਾਵਾਂ, ਡਿਜੀਟਲ ਪ੍ਰਕਾਸ਼ਕਾਂ ਅਤੇ ਤਕਨੀਕੀ ਕੰਪਨੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕੀ AI ਮਾਡਲਾਂ ਨੂੰ ਸਿਖਲਾਈ ਦੇਣ ਲਈ ਪ੍ਰਕਾਸ਼ਕਾਂ ਦੀ ਸਮੱਗਰੀ ਬਿਨਾਂ ਇਜਾਜ਼ਤ ਵਰਤੀ ਜਾਣੀ ਚਾਹੀਦੀ ਹੈ ਜਾਂ ਨਹੀਂ।ਕਈ ਪ੍ਰਕਾਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਖ਼ਬਰਾਂ, ਲੇਖਾਂ, ਤਸਵੀਰਾਂ ਅਤੇ ਹੋਰ ਡਿਜੀਟਲ ਸਮੱਗਰੀ ਦੀ ਵਰਤੋਂ ਲਈ ਉਨ੍ਹਾਂ ਦੀ ਸਹਿਮਤੀ ਅਤੇ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ AI ਕ੍ਰਾਲਰਾਂ ਵੱਲੋਂ ਵੱਡੀ ਮਾਤਰਾ ਵਿੱਚ ਵੈੱਬਸਾਈਟਾਂ ਤੋਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਨੇ ਵੀ ਚਿੰਤਾਵਾਂ ਵਧਾਈਆਂ ਹਨ। ਇਸ ਤੋਂ ਪਹਿਲਾਂ Cloudflare ਵਰਗੀਆਂ ਵੈੱਬ ਇਨਫਰਾਸਟਰੱਕਚਰ ਕੰਪਨੀਆਂ ਨੇ ਆਪਣੇ ਗਾਹਕਾਂ ਲਈ AI ਕ੍ਰਾਲਰਾਂ ਨੂੰ ਰੋਕਣ ਦੇ ਵਿਕਲਪ ਦਿੱਤੇ ਹਨ। ਇਸੇ ਤਰ੍ਹਾਂ Really Simple Licensing (RSL) ਵਰਗੇ ਮਾਪਦੰਡ ਵੀ ਸਾਹਮਣੇ ਆਏ ਹਨ, ਜਿਨ੍ਹਾਂ ਰਾਹੀਂ ਪ੍ਰਕਾਸ਼ਕ ਵੈੱਬ ਕ੍ਰਾਲਰਾਂ ਤੋਂ ਆਪਣੀ ਸਮੱਗਰੀ ਦੀ ਵਰਤੋਂ ਲਈ ਭੁਗਤਾਨ ਦੀ ਮੰਗ ਕਰ ਸਕਦੇ ਹਨ।
ਸਰਚ ਇੰਜਣਾਂ ਵਿੱਚ ਵੈੱਬਸਾਈਟ ਦੀ ਦਿਖਾਈ ਦੇਣ ਦੀ ਸਮਰੱਥਾ ਰਹੇਗੀ ਬਰਕਰਾਰ
Microsoft ਪਹਿਲਾਂ ਹੀ ਪ੍ਰਕਾਸ਼ਕਾਂ ਨੂੰ ਇਹ ਚੋਣ ਦੇਣ ਲਈ ਵੱਖਰੇ ਕੰਟਰੋਲ ਲਿਆ ਚੁੱਕਾ ਹੈ ਕਿ ਉਨ੍ਹਾਂ ਦੀ ਸਮੱਗਰੀ AI ਟ੍ਰੇਨਿੰਗ ਜਾਂ AI Grounding ਲਈ ਵਰਤੀ ਜਾਵੇ ਜਾਂ ਨਹੀਂ। AI Grounding ਉਹ ਪ੍ਰਕਿਰਿਆ ਹੈ ਜਿਸ ਵਿੱਚ AI ਮਾਡਲ ਨੂੰ ਪ੍ਰਮਾਣਿਤ ਜਾਣਕਾਰੀ ਵਾਲੇ ਸਰੋਤਾਂ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਗਲਤ ਜਾਣਕਾਰੀ ਦੇਣ ਦੀ ਸੰਭਾਵਨਾ ਘਟਾਈ ਜਾ ਸਕੇ। Google ਨੇ ਵੀ ਅਜਿਹੇ ਕੰਟਰੋਲ ਲਾਗੂ ਕੀਤੇ ਹਨ, ਜਿਨ੍ਹਾਂ ਰਾਹੀਂ ਵੈੱਬਸਾਈਟ ਮਾਲਕ AI ਸਰਚ ਫੀਚਰਾਂ ਵਿੱਚ ਆਪਣੀ ਸਮੱਗਰੀ ਦੀ ਵਰਤੋਂ ਨੂੰ ਨਿਯੰਤਰਿਤ ਕਰ ਸਕਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਵੈੱਬਸਾਈਟਾਂ ਦੀ ਆਮ ਸਰਚ ਨਤੀਜਿਆਂ ਵਿੱਚ ਦਿਖਾਈ ਦੇਣ ਦੀ ਸਮਰੱਥਾ ਪ੍ਰਭਾਵਿਤ ਨਹੀਂ ਹੋਵੇਗੀ। ਨਵਾਂ Policy Token ਲਾਗੂ ਹੋਣ ਨਾਲ ਡਿਜੀਟਲ ਪ੍ਰਕਾਸ਼ਕਾਂ ਨੂੰ ਆਪਣੀ ਸਮੱਗਰੀ ‘ਤੇ ਵਧੇਰੇ ਨਿਯੰਤਰਣ ਮਿਲਣ ਦੀ ਉਮੀਦ ਹੈ। ਖ਼ਾਸ ਕਰਕੇ ਨਿਊਜ਼ ਵੈੱਬਸਾਈਟਾਂ ਲਈ ਇਹ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀ ਮਿਹਨਤ ਨਾਲ ਤਿਆਰ ਕੀਤੀ ਸਮੱਗਰੀ ਦੀ AI ਟ੍ਰੇਨਿੰਗ ਵਿੱਚ ਵਰਤੋਂ ਬਾਰੇ ਆਪਣੀ ਨੀਤੀ ਸਪੱਸ਼ਟ ਕਰਨਾ ਆਸਾਨ ਹੋਵੇਗਾ।
