ਸੁਲਤਾਨਪੁਰ ਲੋਧੀ, 16 ਸਤੰਬਰ, 2026 ( ਸ਼ਹੀਦ-ਏ-ਆਜ਼ਮ ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋਂ ਖਾਲਸਾਈ ਜਾਹੋ-ਜਲਾਲ ਨਾਲ ਆਰੰਭ ਹੋਇਆ। ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਨਗਰ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਅਰਦਾਸ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਅਤੇ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੱਤੀ। ਸੁਲਤਾਨਪੁਰ ਲੋਧੀ ਵਿੱਚ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਰੋਟਰੀ ਚੌਂਕ ਵਿਖੇ ਪੁਲਿਸ ਟੁਕੜੀ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਵੀ ਦਿੱਤੀ ਗਈ। ਗੱਤਕਾ ਜਥਿਆਂ ਨੇ ਸਿੱਖ ਮਾਰਸ਼ਲ ਕਲਾ ਦੇ ਜੌਹਰ ਦਿਖਾਏ, ਜਦਕਿ ਪੰਜਾਬੀ ਬੈਂਡ ਵੱਲੋਂ ਧਾਰਮਿਕ ਧੁਨਾਂ ਪੇਸ਼ ਕੀਤੀਆਂ ਗਈਆਂ।
ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਵੱਲ ਰਵਾਨਾ ਹੋਇਆ। ਪਹਿਲੇ ਪੜਾਅ ਵਿੱਚ ਇਹ ਬਾਬਾ ਬਕਾਲਾ ਸਾਹਿਬ ਵਿਖੇ ਰਾਤਰੀ ਵਿਸ਼ਰਾਮ ਕਰੇਗਾ। ਇਸ ਤੋਂ ਬਾਅਦ 17 ਸਤੰਬਰ ਨੂੰ ਬਟਾਲਾ ਲਈ ਰਵਾਨਾ ਹੋ ਕੇ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਪਹੁੰਚੇਗਾ।
ਰਸਤੇ ਵਿੱਚ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਅਤੇ ਸੰਗਤਾਂ ਵੱਲੋਂ ਸੇਵਾ ਕਾਰਜ ਕੀਤੇ ਜਾ ਰਹੇ ਹਨ। ਸ਼ਰਧਾਲੂ ਬੱਸਾਂ, ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਹਨ। ਬਟਾਲਾ ਵਿਖੇ ਵਿਆਹ ਪੁਰਬ ਨਾਲ ਸਬੰਧਤ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਹਨ ਅਤੇ ਗੁਰਦੁਆਰਾ ਕੰਧ ਸਾਹਿਬ, ਡੇਹਰਾ ਸਾਹਿਬ ਤੇ ਸਤਿਕਰਤਾਰੀਆਂ ਸਾਹਿਬ ਵਿਖੇ ਅਖੰਡ ਪਾਠਾਂ ਦੇ ਭੋਗ 18 ਸਤੰਬਰ ਨੂੰ ਪਾਏ ਜਾਣਗੇ।
