Home ਧਰਮ ਤੀਰਥਾਂ ਨਾਲ ਜੁੜੀ ਆਸ ਨੂੰ ਮਿਲਿਆ ਸਫ਼ਰ: ਬਰਿੰਦਰ ਕੁਮਾਰ ਗੋਇਲ

ਤੀਰਥਾਂ ਨਾਲ ਜੁੜੀ ਆਸ ਨੂੰ ਮਿਲਿਆ ਸਫ਼ਰ: ਬਰਿੰਦਰ ਕੁਮਾਰ ਗੋਇਲ

Ajitpal Singh Kohli Flags Off Pilgrimage Bus from sangrur

0
ਪਿੰਡ ਅੰਨਦਾਣਾ ਅਤੇ ਮਹਾਂ ਸਿੰਘ ਵਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸੰਗਤ ਰਵਾਨਾ
ਯਾਤਰਾ ਤੋਂ ਰਿਹਾਇਸ਼ ਤੇ ਭੋਜਨ ਤੱਕ ਸਰਕਾਰ ਬਣੀ ਸ਼ਰਧਾਲੂਆਂ ਦੀ ਸਾਥੀ
ਲਹਿਰਾਗਾਗਾ/ਸੰਗਰੂਰ, 12 ਸਤੰਬਰ, 2026 ( ਛਤਰਪਾਲ ਸਿੰਘ) : ਅੱਖਾਂ ਵਿੱਚ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਤਾਂਘ ਅਤੇ ਚਿਹਰਿਆਂ ’ਤੇ ਸਫ਼ਰ ਦੀ ਖੁਸ਼ੀ ਲੈ ਕੇ ਅੱਜ ਹਲਕਾ ਲਹਿਰਾਗਾਗਾ ਦੇ ਪਿੰਡ ਅੰਨਦਾਣਾ ਅਤੇ ਮਹਾਂ ਸਿੰਘ ਵਾਲਾ ਤੋਂ ਸੰਗਤ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ। ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੰਨਦਾਣਾ ਤੋਂ ਦੋ ਬੱਸਾਂ ਅਤੇ ਮਹਾਂ ਸਿੰਘ ਵਾਲਾ ਤੋਂ ਸੰਗਤ ਦੀ ਬੱਸ ਨੂੰ ਰਵਾਨਾ ਕਰਦਿਆਂ ਸ਼ਰਧਾਲੂਆਂ ਨੂੰ ਸੁਖਦ ਤੇ ਮੰਗਲਮਈ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਸਕੀਮ ਸਿਰਫ਼ ਇੱਕ ਯਾਤਰਾ ਦੀ ਸਹੂਲਤ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀ ਚਿਰੋਕਣੀ ਧਾਰਮਿਕ ਇੱਛਾ ਨੂੰ ਸਾਕਾਰ ਕਰਨ ਦਾ ਸਾਧਨ ਹੈ, ਜੋ ਵਡੇਰੀ ਉਮਰ ਜਾਂ ਆਰਥਿਕ ਤੰਗੀ ਕਾਰਨ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਆਰਾਮਦਾਇਕ ਏ.ਸੀ. ਬੱਸਾਂ ਰਾਹੀਂ ਯਾਤਰਾ ਕਰਵਾਉਣ ਦੇ ਨਾਲ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਦਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸੇਵਾ ਤੇ ਸਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਭਗਵੰਤ ਸਿੰਘ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ‘ ਦਾ ਵਿਸਥਾਰ ਕੀਤਾ ਹੈ, ਜਿਸ ਤਹਿਤ ਹੁਣ ਸਰਧਾਲੂ ਸ੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਹਰਿਦੁਆਰ-ਰਿਸੀਕੇਸ ਅਤੇ ਮਥੁਰਾ ਜੀ-ਵ੍ਰਿੰਦਾਵਨ ਧਾਮ ਵਰਗੇ ਪਵਿੱਤਰ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ ।
ਸੰਗਤ ਨੂੰ ਯਾਤਰਾ ਲਈ ਵਿਦਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਮੇਰੀ ਅਰਦਾਸ ਹੈ ਕਿ ਸ਼ਰਧਾਲੂ ਪਵਿੱਤਰ ਧਰਤੀ ਤੋਂ ਪੰਜਾਬ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਹਰ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਸੀਸਾਂ ਲੈ ਕੇ ਪਰਤਣ।” ਯਾਤਰਾ ਲਈ ਰਵਾਨਾ ਹੋ ਰਹੇ ਸ਼ਰਧਾਲੂਆਂ, ਖ਼ਾਸ ਕਰਕੇ ਬਜ਼ੁਰਗਾਂ ਨੇ ਖੁਸ਼ੀ ਸਾਂਝੀ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਨਾਲ ਉਨ੍ਹਾਂ ਲਈ ਤੀਰਥ ਦਰਸ਼ਨਾਂ ਦੀ ਇੱਛਾ ਨੂੰ ਪੂਰਾ ਕਰਨ ਦਾ ਰਾਹ ਸੁਖਾਲਾ ਹੋਇਆ ਹੈ।

Exit mobile version