ਫ਼ਤਹਿਗੜ੍ਹ ਸਾਹਿਬ, 27 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਸੈਨਿਕ ਪੈਨਸ਼ਨਰਾਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ, ਜੋ ਫ਼ੌਜ ਦੀ ਫੈਮਿਲੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਲਈ ਹਰ ਸਾਲ ਨਵੰਬਰ ਮਹੀਨੇ ਵਿੱਚ ਆਪਣਾ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ। ਇਸ ਸਬੰਧੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਫ਼ਤਹਿਗੜ੍ਹ ਸਾਹਿਬ ਵਿਖੇ 02 ਨਵੰਬਰ 2026 ਤੋਂ 20 ਨਵੰਬਰ 2026 ਤੱਕ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਬੰਧਤ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਆਪਣੇ ਨਾਲ ਫ਼ੌਜ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ, ਉਸ ਬੈਂਕ ਦੀ ਪਾਸਬੁੱਕ ਜਿਸ ਵਿੱਚ ਪੈਨਸ਼ਨ ਆਉਂਦੀ ਹੈ, ਉਹ ਮੋਬਾਈਲ ਨੰਬਰ ਜਿਸ ‘ਤੇ ਹਰ ਮਹੀਨੇ ਪੈਨਸ਼ਨ ਸਬੰਧੀ ਸੁਨੇਹਾ ਪ੍ਰਾਪਤ ਹੁੰਦਾ ਹੈ ਅਤੇ ਹੋਰ ਲੋੜੀਂਦੇ ਦਸਤਾਵੇਜ਼ ਲੈ ਕੇ ਨਿਰਧਾਰਤ ਸਮੇਂ ਦੌਰਾਨ ਦਫ਼ਤਰ ਵਿਖੇ ਪਹੁੰਚਣ। ਉਨ੍ਹਾਂ ਸਬੰਧਤ ਪੈਨਸ਼ਨਰਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।






