ਮੋਹਾਲੀ ਦੇ ਪੀ.ਆਈ.ਐਲ.ਬੀ.ਐਸ. ਵਿੱਚ ਪਹਿਲੀ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀ
ਚੰਡੀਗੜ੍ਹ, 10 ਦਸੰਬਰ (ਛਤਰਪਾਲ ਸਿੰਘ): ਪੰਜਾਬ ਦੇ ਟਰਸ਼ਰੀ ਸਿਹਤ ਖੇਤਰ ਵਿੱਚ ਵੱਡਾ ਮੀਲ ਪੱਥਰ ਦਰਜ ਹੋਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮੋਹਾਲੀ ਦੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (PILBS) ਵਿੱਚ ਪਹਿਲੀ ਸਫ਼ਲ ਲਿਵਰ ਟ੍ਰਾਂਸਪਲਾਂਟ ਸਰਜਰੀ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ ਨੇ ਇੰਨੀ ਜਟਿਲ ਸਰਜਰੀ ਕਾਮਯਾਬੀ ਨਾਲ ਕੀਤੀ ਹੈ।
ਮਰੀਜ਼ ਦੀ ਹਾਲਤ ਠੀਕ, ਇਲਾਜ ਸਿਰਫ਼ 12 ਲੱਖ ਵਿੱਚ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਇਹ ਸਰਜਰੀ 27 ਨਵੰਬਰ 2025 ਨੂੰ ਕੀਤੀ ਗਈ ਸੀ ਅਤੇ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ।
ਉਨ੍ਹਾਂ ਦੱਸਿਆ ਕਿ ਇਹ ਜ਼ਿੰਦਗੀ ਬਚਾਉਣ ਵਾਲਾ ਇਲਾਜ ਸਿਰਫ਼ 12 ਲੱਖ ਰੁਪਏ ਵਿੱਚ ਕੀਤਾ ਗਿਆ, ਜਦਕਿ ਨਿੱਜੀ ਹਸਪਤਾਲਾਂ ਵਿੱਚ ਇਹੀ ਸਰਜਰੀ 45–50 ਲੱਖ ਤੱਕ ਦੀ ਪੈਂਦੀ ਹੈ। ਮਰੀਜ਼ ਨੂੰ ਅਗਲੇ ਇੱਕ-ਦੋ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ।
ਮੈਡੀਕਲ ਟੀਮ ਨੂੰ ਵਧਾਈ, ਅੰਗ ਦਾਤਾ ਪਰਿਵਾਰ ਦਾ ਧੰਨਵਾਦ
ਡਾ. ਬਲਬੀਰ ਸਿੰਘ ਨੇ ਲਿਵਰ ਟ੍ਰਾਂਸਪਲਾਂਟ ਟੀਮ—
- ਪ੍ਰੋ. ਡਾ. ਵੀਰੇਂਦਰ ਸਿੰਘ (ਹੈਪਾਟੋਲੋਜੀ ਮੁਖੀ)
- ਪ੍ਰੋ. ਡਾ. ਕੇ. ਰਾਜਸ਼ੇਖਰ (ਲਿਵਰ ਟ੍ਰਾਂਸਪਲਾਂਟ ਸਰਜਰੀ ਮੁਖੀ)ਦੇ ਯੋਗਦਾਨ ਦੀ ਸਰਾਹਨਾ ਕੀਤੀ।
ਉਨ੍ਹਾਂ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਅਤੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਵੀ ਖ਼ਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਜ਼ਰੂਰੀ ਅੰਗ ਉਪਲਬਧ ਕਰਵਾਏ।
ਹਸਪਤਾਲ ਵਿੱਚ ਨਵੀਆਂ ਸਹੂਲਤਾਂ ਦਾ ਵਿਸਤਾਰ
ਸਿਹਤ ਮੰਤਰੀ ਨੇ ਦੱਸਿਆ ਕਿ PILBS ਨੂੰ ਵਿਸ਼ਵ-ਪੱਧਰੀ ਕੇਂਦਰ ਬਣਾਉਣ ਲਈ ਕਈ ਨਵੀਆਂ ਸਹੂਲਤਾਂ ਜੋੜੀਆਂ ਜਾ ਰਹੀਆਂ ਹਨ—
- 175 ਬਿਸਤਰਿਆਂ ਵਾਲਾ ਨਵਾਂ ਇਨਡੋਰ ਬਲਾਕ ਤਿਆਰ
- ਨਵਾਂ ਡਾਇਗਨੋਸਟਿਕ ਬਲਾਕ ਚਾਲੂ
- ਡਿਜੀਟਲ ਸਬਟ੍ਰੈਕਸ਼ਨ ਐਂਜੀਓਗ੍ਰਾਫੀ ਮਸ਼ੀਨ ਲਾਗੂ
- ਨਵਾਂ CT ਸਕੈਨਰ ਆਰਡਰ
- MRI ਲਈ ਟੈਂਡਰ ਜਾਰੀ
- ਇੱਕ ਹਫ਼ਤੇ ਵਿੱਚ ਆਟੋਮੇਟਿਡ ਬਾਇਓਕੈਮੀਸਟਰੀ ਐਨਾਲਾਈਜ਼ਰ ਚਾਲੂ
- ਆਧੁਨਿਕ ਬਲੱਡ ਬੈਂਕ ਸਥਾਪਿਤ
ਉਨ੍ਹਾਂ ਕਿਹਾ ਕਿ ਇਹ ਕੇਂਦਰ ਹੈਪਾਟੋਬਿਲੀਅਰੀ ਵਿਗਿਆਨ ਵਿੱਚ ਖੋਜ, ਸਿਖਲਾਈ ਅਤੇ ਕਲੀਨਿਕਲ ਸਰਵੋਤਮਤਾ ਦਾ ਹੱਬ ਬਣ ਰਿਹਾ ਹੈ।
ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੱਡੇ ਸੁਧਾਰ
ਸਿਹਤ ਮੰਤਰੀ ਮੁਤਾਬਕ, ਸਰਕਾਰ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸੈਕੰਡਰੀ ਅਤੇ ਟਰਸ਼ਰੀ ਸਹੂਲਤਾਂ ਨਾਲ ਲੈਸ ਕਰ ਰਹੀ ਹੈ।
ਉਨ੍ਹਾਂ ਐਲਾਨ ਕੀਤਾ ਕਿ—
- ਪਟਿਆਲਾ ਦਾ ਸਰਕਾਰੀ ਮੈਡੀਕਲ ਕਾਲਜ ਅਗਲੇ ਸਾਲ ਤੱਕ ਪਹਿਲਾ ਸਰਕਾਰੀ ਕੇਂਦਰ ਬਣੇਗਾ, ਜਿੱਥੇ ਗੁਰਦਾ ਟ੍ਰਾਂਸਪਲਾਂਟ ਕੀਤਾ ਜਾਵੇਗਾ।
- ਜਲਦ ਹੀ ਸਾਰੇ ਸਰਕਾਰੀ ਮੈਡੀਕਲ ਕਾਲਜ ਅੰਗ ਪ੍ਰਾਪਤੀ ਕੇਂਦਰ ਵਜੋਂ ਵਿਕਸਿਤ ਕੀਤੇ ਜਾਣਗੇ।
ਅੰਗ ਦਾਨ ਵਿੱਚ ਪੰਜਾਬ ਦੀ ਵਧਦੀ ਅਗਵਾਈ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ 20,000 ਤੋਂ ਵੱਧ ਅੰਗ ਦਾਤਾ ਰਜਿਸਟਰਡ ਹਨ ਅਤੇ ਰਾਜ ਜਲਦੀ ਹੀ ਦੇਸ਼ ਦੇ ਸਿਖਰਲੇ ਰਾਜਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅੰਗ ਦਾਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਮੁਫ਼ਤ ਇਲਾਜ ਲਈ ਵੱਡੀ ਯੋਜਨਾ
ਸਰਕਾਰ ਦੀ ਜਨ-ਕਲਿਆਣਕੇਸਰੀ ਨੀਤੀ ਅਨੁਸਾਰ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਪ੍ਰਦਾਨ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ।
ਇਹ ਯੋਜਨਾ ਜਨਵਰੀ 2026 ਤੋਂ ਪੂਰੇ ਰਾਜ ਵਿੱਚ ਲਾਗੂ ਕਰ ਦਿੱਤੀ ਜਾਵੇਗੀ।








