ਬਕਾਇਆ ਨਾ ਭਰਨ ਵਾਲਿਆਂ ਤੋਂ ਜਗ੍ਹਾਂ ਖਾਲੀ ਕਰਵਾਉਣ ਦੀ ਕਾਰਵਾਈ ਹੋਵੇਗੀ ਤੇਜ਼ – ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ
ਪਟਿਆਲਾ, 9 ਦਸੰਬਰ (ਜਗਜੀਤ ਸਿੰਘ) : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ. ਨੇ ਨਗਰ ਨਿਗਮ ਦੀ ਜਾਇਦਾਦਾਂ ਨਾਲ ਸਬੰਧਿਤ ਬਕਾਇਆ ਰਕਮ ਨਾ ਭਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਹੁਣ ਨਿਗਮ ਦਾ ਪੈਸਾ ਡਕਾਰ ਮਾਰਨ ਵਾਲਿਆਂ ਦੀ ਕੋਈ ਖੈਰ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਜਾਂ ਸੰਸਥਾਵਾਂ ਨਗਰ ਨਿਗਮ ਤੋਂ ਦੁਕਾਨਾਂ, ਬੂਥਾਂ ਜਾਂ ਹੋਰ ਜਾਇਦਾਦਾਂ ਕਿਰਾਏ ਜਾਂ ਲੀਜ਼ ’ਤੇ ਲੈ ਕੇ ਲੰਮੇ ਸਮੇਂ ਤੋਂ ਆਪਣਾ ਬਕਾਇਆ ਨਹੀਂ ਭਰ ਰਹੀਆਂ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਬਿਨਾ ਕਿਸੇ ਰਿਆਇਤ ਦੇ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਅੱਜ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਵਿਖੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ, ਸੁਪਰਡੈਂਟ ਲੈਂਡ ਬ੍ਰਾਂਚ ਦਰਪਣ ਸ਼ਰਮਾ, ਸਕੱਤਰ ਅਤੇ ਨਗਰ ਨਿਗਮ ਦੇ ਹੋਰ ਸਬੰਧਿਤ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਦੌਰਾਨ ਨਿਗਮ ਦੀਆਂ ਜਾਇਦਾਦਾਂ ਨਾਲ ਜੁੜੀ ਬਕਾਇਆ ਰਿਕਵਰੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਲੰਮੇ ਸਮੇਂ ਤੋਂ ਬਕਾਇਆਦਾਰ ਬਣੇ ਵਿਅਕਤੀਆਂ ਦੀ ਸੂਚੀ ’ਤੇ ਵਿਚਾਰ ਕੀਤਾ ਗਿਆ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦੀ ਆਮਦਨ ਨਾਲ ਹੀ ਸ਼ਹਿਰ ਦੇ ਵਿਕਾਸ ਕਾਰਜ, ਸਫ਼ਾਈ ਪ੍ਰਬੰਧ, ਬੁਨਿਆਦੀ ਢਾਂਚੇ ਅਤੇ ਜਨਤਕ ਸਹੂਲਤਾਂ ਚਲਾਈਆਂ ਜਾਂਦੀਆਂ ਹਨ। ਜੇਕਰ ਨਿਗਮ ਦੀ ਰਕਮ ਸਮੇਂ ’ਤੇ ਜਮ੍ਹਾਂ ਨਾ ਹੋਵੇ ਤਾਂ ਸ਼ਹਿਰ ਦੇ ਵਿਕਾਸ ’ਤੇ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੀ ਜਾਇਦਾਦ ਨੂੰ ਨਿੱਜੀ ਮਲਕੀਅਤ ਸਮਝ ਕੇ ਵਰਤਣ ਅਤੇ ਬਕਾਇਆ ਰਕਮ ਹਜ਼ਮ ਕਰਨ ਦੀ ਸੋਚ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਸਾਰੇ ਬਕਾਇਆਦਾਰਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਨਿਰਧਾਰਿਤ ਸਮੇਂ ਵਿੱਚ ਬਕਾਇਆ ਜਮ੍ਹਾਂ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਜਗ੍ਹਾ ਖਾਲੀ ਕਰਵਾਉਣ ਦੀ ਕਾਰਵਾਈ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਸਾਫ਼ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਸਿਫ਼ਾਰਸ਼ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ।
ਮੀਟਿੰਗ ਦੇ ਅੰਤ ’ਤੇ ਦੋਵਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਕਾਇਆ ਰਿਕਵਰੀ ਲਈ ਪਾਰਦਰਸ਼ੀ ਅਤੇ ਸਖ਼ਤ ਪ੍ਰਣਾਲੀ ਅਪਣਾਈ ਜਾਵੇ, ਤਾਂ ਜੋ ਨਗਰ ਨਿਗਮ ਦੇ ਸਰੋਤਾਂ ਦੀ ਸੁਰੱਖਿਆ ਕੀਤੀ ਜਾ ਸਕੇ ਅਤੇ ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਮਿਲੇ।







