Homeਪਟਿਆਲਾ ਅਪਡੇਟਨਿਗਮ ਦਾ ਪੈਸਾ ਹਜ਼ਮ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ : ਮੇਅਰ...

ਨਿਗਮ ਦਾ ਪੈਸਾ ਹਜ਼ਮ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ : ਮੇਅਰ ਕੁੰਦਨ ਗੋਗੀਆ

ਬਕਾਇਆ ਨਾ ਭਰਨ ਵਾਲਿਆਂ ਤੋਂ ਜਗ੍ਹਾਂ ਖਾਲੀ ਕਰਵਾਉਣ ਦੀ ਕਾਰਵਾਈ ਹੋਵੇਗੀ ਤੇਜ਼

ਪਟਿਆਲਾ, 9 ਦਸੰਬਰ (ਗੁਰਪ੍ਰੀਤ ਸਿੰਘ) : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਹੁਣ ਨਗਰ ਨਿਗਮ ਦਾ ਪੈਸਾ ਡਕਾਰ ਮਾਰਨ ਵਾਲਿਆਂ ਦੀ ਕੋਈ ਖੈਰ ਨਹੀਂ। ਜੋ ਲੋਕ ਨਿਗਮ ਤੋਂ ਦੁਕਾਨਾਂ ਜਾਂ ਹੋਰ ਜਾਇਦਾਦਾਂ ਕਿਰਾਏ ਜਾਂ ਲੀਜ਼ ’ਤੇ ਲੈ ਕੇ ਲੰਮੇ ਸਮੇਂ ਤੋਂ ਬਕਾਇਆ ਰਕਮ ਅਦਾ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧ ਵਿੱਚ ਮੇਅਰ ਕੁੰਦਨ ਗੋਗੀਆ ਵੱਲੋਂ ਅੱਜ ਨਗਰ ਨਿਗਮ ਦਫ਼ਤਰ ਵਿੱਚ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ, ਦਰਪਣ ਕੁਮਾਰ ਸੁਪਰਡੈਂਟ ਲੈਂਡ ਬ੍ਰਾਂਚ, ਸਕੱਤਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੇਅਰ ਨੇ ਨਿਗਮ ਦੀ ਜਾਇਦਾਦਾਂ ਨਾਲ ਸਬੰਧਿਤ ਬਕਾਇਆ ਰਿਕਵਰੀ ਦੀ ਸਮੀਖਿਆ ਕੀਤੀ।

ਮੇਅਰ ਨੇ ਕਿਹਾ ਕਿ ਕਈ ਦੁਕਾਨਦਾਰ ਅਤੇ ਲੀਜ਼ਧਾਰੀ ਨਿਗਮ ਦੀ ਜਾਇਦਾਦ ਵਰਤ ਰਹੇ ਹਨ ਪਰ ਕਿਰਾਇਆ ਜਾਂ ਲੀਜ਼ ਦੀ ਰਕਮ ਜਮ੍ਹਾਂ ਨਹੀਂ ਕਰਵਾ ਰਹੇ, ਜੋ ਕਿ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਅਜਿਹੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਿਗਮ ਵਿੱਚ ਆ ਕੇ ਆਪਣਾ ਬਕਾਇਆ ਜਮ੍ਹਾਂ ਕਰਵਾਉਣ।

ਉਨ੍ਹਾਂ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਬਕਾਇਆ ਭਰਨ ਦੀ ਬਜਾਏ ਨਿਗਮ ਦੀ ਜਗ੍ਹਾ ਹਜ਼ਮ ਕਰਨ ਦੀ ਸੋਚ ਰੱਖੀ ਹੈ, ਤਾਂ ਅਜਿਹਿਆਂ ਖ਼ਿਲਾਫ਼ ਜਗ੍ਹਾ ਖਾਲੀ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਤੁਰੰਤ ਤੇਜ਼ ਕੀਤੀ ਜਾਵੇਗੀ। ਮੇਅਰ ਨੇ ਸਾਫ਼ ਕੀਤਾ ਕਿ ਨਿਗਮ ਦੇ ਪੈਸੇ ਨਾਲ ਸ਼ਹਿਰ ਦੇ ਵਿਕਾਸ ਕਾਰਜ ਹੁੰਦੇ ਹਨ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਧੋਖਾਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੈਂਡ ਬ੍ਰਾਂਚ ਵੱਲੋਂ ਸਾਰੇ ਬਕਾਇਆਦਾਰਾਂ ਦੀ ਤਾਜ਼ਾ ਸੂਚੀ ਤਿਆਰ ਕਰਕੇ ਜਲਦ ਨੋਟਿਸ ਜਾਰੀ ਕੀਤੇ ਜਾਣ। ਮੇਅਰ ਨੇ ਦੁਹਰਾਇਆ ਕਿ ਨਗਰ ਨਿਗਮ ਸ਼ਹਿਰ ਦੇ ਹਿਤਾਂ ਦੀ ਰੱਖਿਆ ਲਈ ਹਰ ਲੋੜੀਂਦੀ ਸਖ਼ਤ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ।

ਫੋਟੋ – ਮੀਟਿੰਗ ਦੌਰਾਨ ਮੇਅਰ, ਜੁਆਇੰਟ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀ

RELATED ARTICLES
- Advertisment -
Google search engine
Google search engine
Google search engine

Most Popular

Recent Comments