ਸਨਾਤਨ ਧਰਮ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤੇਰ੍ਹਵੀਂ ਤਰੀਕ ਨੂੰ ਹਰ ਸਾਲ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਪੰਜ ਦਿਨਾਂ ਤੱਕ ਚੱਲਣ ਵਾਲੇ ਦੀਵਾਲੀ ਦੇ ਤਿਉਹਾਰ ਦਾ ਪਹਿਲਾ ਦਿਨ ਹੁੰਦਾ ਹੈ। ਧਨਤੇਰਸ ਨੂੰ ਧਨ, ਸੁਖ-ਸਮ੍ਰਿੱਧੀ ਅਤੇ ਸਿਹਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਧਨਤੇਰਸ ਦੀ ਕਥਾ ਅਤੇ ਮਹੱਤਤਾ
ਧਾਰਮਿਕ ਗ੍ਰੰਥਾਂ ਅਨੁਸਾਰ, ਸਮੁੰਦਰ ਮੰਥਨ ਦੌਰਾਨ ਭਗਵਾਨ ਧਨਵੰਤਰੀ ਅੰਮ੍ਰਿਤ ਨਾਲ ਭਰੇ ਘੜੇ ਦੇ ਨਾਲ ਪ੍ਰਗਟ ਹੋਏ ਸਨ। ਇਸ ਕਾਰਨ ਇਹ ਦਿਨ ਧਨ ਤੇ ਸਿਹਤ ਦੋਵਾਂ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸੇ ਦਿਨ ਭਗਵਾਨ ਕੁਬੇਰ ਨੂੰ ਵੀ ਅਸੀਮ ਧਨ ਦਾ ਵਰਦਾਨ ਪ੍ਰਾਪਤ ਹੋਇਆ ਸੀ। ਇਸ ਲਈ ਇਸ ਦਿਨ ਭਗਵਾਨ ਧਨਵੰਤਰੀ ਅਤੇ ਕੁਬੇਰ ਦੀ ਪੂਜਾ ਕਰਨ ਦਾ ਵਿਸ਼ੇਸ਼ ਵਿਧਾਨ ਹੈ।
ਧਨਤੇਰਸ ਤੇ ਕੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ
ਧਨਤੇਰਸ ਦੇ ਦਿਨ ਘਰ ਵਿਚ ਕੁਝ ਵਿਸ਼ੇਸ਼ ਚੀਜ਼ਾਂ ਲਿਆਉਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਮਾਤਾ ਲਕਸ਼ਮੀ ਦਾ ਆਗਮਨ ਹੁੰਦਾ ਹੈ ਤੇ ਧਨ-ਲਾਭ ਦੇ ਯੋਗ ਬਣਦੇ ਹਨ।
- ਸੋਨਾ ਜਾਂ ਚਾਂਦੀ ਖਰੀਦਣਾ – ਇਸ ਦਿਨ ਸੋਨਾ ਜਾਂ ਚਾਂਦੀ ਖਰੀਦਣ ਨਾਲ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
- ਭਗਵਾਨ ਕੁਬੇਰ ਤੇ ਮਾਂ ਲਕਸ਼ਮੀ ਦੀ ਪ੍ਰਤਿਮਾ ਲਿਆਉਣਾ – ਘਰ ਵਿਚ ਸਮ੍ਰਿੱਧੀ ਅਤੇ ਖੁਸ਼ਹਾਲੀ ਵਧਦੀ ਹੈ।
- ਪਿੱਤਲ ਦੇ ਬਰਤਨ ਖਰੀਦਣਾ – ਧਾਰਮਿਕ ਮਾਨਤਾ ਅਨੁਸਾਰ, ਇਹ ਕਰਮ ਧਨ ਵਿੱਚ ਵਾਧਾ ਕਰਦਾ ਹੈ ਅਤੇ ਰੁਕੇ ਹੋਏ ਕੰਮ ਸਫਲ ਹੁੰਦੇ ਹਨ।
ਆਧਿਆਤਮਿਕ ਤੇ ਸਾਂਸਕਾਰਕ ਮਹੱਤਵ
ਕੱਤਕ ਮਹੀਨਾ ਸਨਾਤਨ ਧਰਮ ਵਿਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਤਿਉਹਾਰਾਂ ਵਿਚ ਧਨਤੇਰਸ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ ਸਿਰਫ਼ ਧਨ ਹੀ ਨਹੀਂ, ਸਿਹਤ ਤੇ ਸੁਖ ਦਾ ਪ੍ਰਤੀਕ ਵੀ ਹੈ। ਇਸ ਦਿਨ ਦੀ ਪੂਜਾ ਨਾਲ ਜੀਵਨ ਵਿਚ ਆਰੋਗਤਾ, ਆਰਥਿਕ ਸਥਿਰਤਾ ਤੇ ਆਤਮਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ।
-ਰੰਜਨਾ









