ਜੀਂਦ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦਾ ਮਰਨ ਵਰਤ ਅੱਜ 20ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਹਲਕਾ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਵਿਨੇਸ਼ ਫੋਗਾਟ (Congress MLA Vinesh Phogat) ਕਿਸਾਨ ਆਗੂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਬਾਰਡਰ ਪੁੱਜੇ। ਇਸ ਦੌਰਾਨ ਫੋਗਾਟ ਆਪਣੇ ਪਤੀ ਸੋਮਵੀਰ ਰਾਠੀ ਵੀ ਮੌਜੂਦ ਸਨ।
ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨ ਸਾਡੇ ਭਵਿੱਖ ਲਈ ਲੜ ਰਹੇ ਹਨ। ਇਸ ਨਾਲ ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਦੀ ਗੱਲ ਕਰਨ ਅਤੇ ਲਾਗੂ ਕਰਨ ‘ਚ ਫਰਕ ਹੈ। ਅੱਜ ਸਾਡੇ ਬਜ਼ੁਰਗ ਭੁੱਖੇ ਬੈਠੇ ਹਨ, ਉਹ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਗੁਜ਼ਰ ਗਈਆਂ ਹਨ, ਫਿਰ ਵੀ ਅੱਜ ਉਹ ਸਾਡੇ ਭਵਿੱਖ ਲਈ ਲੜ ਰਹੇ ਹਨ। ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਹਨ। ਡੱਲੇਵਾਲ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਹਸਪਤਾਲ ਦਾਖਲ ਕਰਵਾਉਣ ਦੀ ਸਿਫਾਰਿਸ਼ ਕੀਤੀ ਪਰ ਡੱਲੇਵਾਲ ਆਪਣੇ ਇਰਾਦੇ ‘ਤੇ ਅੜੇ ਰਹੇ।