ਪਟਿਆਲਾ, 22 ਨਵੰਬਰ, 2026 (ਹਰਸ਼ਪ੍ਰੀਤ ਕੌਰ ) : ਸ਼੍ਰੀ ਸਨਾਤਨ ਧਰਮ ਟਰੱਸਟ ਵੱਲੋਂ ਪ੍ਰਸਿੱਧ ਕਥਾਵਾਚਕ ਅਤੇ ਅਧਿਆਤਮਕ ਪ੍ਰਵਚਨਕਰਤਾ ਜੈ ਕਿਸ਼ੋਰੀ ਜੀ ਦੇ ਹੋਣ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਤਹਿਤ ਅੱਜ ਸਥਾਨਕ ਐੱਸ.ਡੀ.ਕੇ.ਐੱਸ. ਭਵਨ ਵਿਖੇ ਇੱਕ ਇਤਿਹਾਸਕ ਅਤੇ ਭੱਵਿਆ ਕਾਰਡ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਪਟਿਆਲਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਲਈ ਇੰਨੇ ਵੱਡੇ ਪੱਧਰ ’ਤੇ ਵਿਸ਼ੇਸ਼ ਲਾਂਚਿੰਗ ਸਮਾਰੋਹ ਆਯੋਜਿਤ ਕੀਤਾ ਗਿਆ ਹੋਵੇ, ਜਿਸ ਵਿੱਚ ਸ਼ਹਿਰ ਦੀਆਂ ਲਗਭਗ ਸਾਰੀਆਂ ਪ੍ਰਮੁੱਖ, ਵਪਾਰਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਕਾਰਡ ਲਾਂਚ ਕਰਨ ਮੌਕੇ ਇਨਾਇਤ ਗਰੁੱਪ ਤੋਂ ਸੰਦੀਪ ਮਾਨ, ਕੁਨਾਲ ਡਿਵੈਲਪਰਜ਼ ਤੋਂ ਕੁਨਾਲ ਗਰਗ, ਰੁਦਰਾ ਲੈਂਡ ਪ੍ਰਮੋਟਰਜ਼ ਤੋਂ ਮਨੀਸ਼ ਗੋਇਲ ਅਤੇ ਰਿਤਿਕ ਬਾਂਸਲ, ਕਲਾ ਨਿਧੀ ਜਿਊਲਰਜ਼ ਤੋਂ ਕਮਲ ਅਗਰਵਾਲ, ਯੂਨੀਕੋ ਵ੍ਰਿੰਦਾਵਨ ਦੇ ਨੁਮਾਇੰਦੇ, ਸ਼੍ਰੀ ਸਨਾਤਨ ਧਰਮ ਟਰੱਸਟ ਦੇ ਸਮੂਹ ਟਰੱਸਟੀ ਰਚਿਨ ਬਾਂਸਲ (ਰਿਚੀ ਡਕਾਲਾ), ਦਿਨੇਸ਼ ਅਗਰਵਾਲ, ਸੁਮਿਤ ਗੋਇਲ, ਧਰਮ ਬਾਂਸਲ, ਰਾਮ ਬਾਂਸਲ ਡਕਾਲਾ, ਮਹੇਸ਼ ਗੁਪਤਾ, ਰਾਜਨ ਸਿੰਗਲਾ ਅਤੇ ਹਿਤੇਸ਼ ਸਿੰਗਲਾ, ਭੂਸ਼ਣ ਗੁਪਤਾ, ਰਜਿੰਦਰ ਮਲਿਕ (ਰੌਬਰਟ), ਕੁਮਾਰ ਪ੍ਰਾਪਰਟੀਜ਼ ਤੋਂ ਪ੍ਰਵੀਨ ਗੋਇਲ, ਅਹੂਜਾ ਪ੍ਰਾਪਰਟੀਜ਼ ਤੋਂ ਗੁਲਸ਼ਨ ਅਹੂਜਾ, ਰਾਜੇਸ਼ ਪੰਜੋਲਾ ਅਤੇ ਦੇਵੀ ਦਿਆਲ ਗੋਇਲ ਨੇ ਸਾਂਝੇ ਤੌਰ ’ਤੇ ਜੈ ਕਿਸ਼ੋਰੀ ਜੀ ਦੇ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਜਾਰੀ ਕੀਤਾ। ਇਸ ਮੌਕੇ ਟਰੱਸਟ ਦੇ ਨੁਮਾਇੰਦਿਆਂ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਵਿੱਚ ਜੈ ਕਿਸ਼ੋਰੀ ਜੀ ਦੇ ਆਗਮਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਇਸ ਪਵਿੱਤਰ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਹਰ ਪੱਧਰ ’ਤੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਧਾਰਮਿਕ ਸਮਾਗਮ ਦੇ ਨਿਵੇਦਕ ਵਜੋਂ ਵਿਸ਼ੇਸ਼ ਤੌਰ ’ਤੇ ਜੁੜੇ ਸ਼੍ਰੀ ਮੋਹਿਤ ਮੋਹਿੰਦਰਾ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਦੀ ਧਰਤੀ ’ਤੇ ਜੈ ਕਿਸ਼ੋਰੀ ਜੀ ਦਾ ਆਗਮਨ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਨਾਤਨ ਧਰਮ ਟਰੱਸਟ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਮੋਹਿਤ ਮੋਹਿੰਦਰਾ ਨੇ ਆਪਣੇ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਪਾਵਨ ਮੌਕੇ ਦਾ ਭਰਪੂਰ ਲਾਹਾ ਲੈਣ। ਇਸ ਸ਼ਾਨਦਾਰ ਸਮਾਰੋਹ ਵਿੱਚ ਸ਼ਹਿਰ ਦੇ ਅਨੇਕਾਂ ਮੋਹਤਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਦੇ ਨਾਲ ਹੀ ਸਮੂਹ ਬ੍ਰਾਹਮਣ ਸਮਾਜ ਵੱਲੋਂ ਡਾ. ਸ਼ਿਵ ਭਾਰਦਵਾਜ ਅਤੇ ਲੋਕੇਸ਼ ਪੰਡਿਤ ਨੇ ਆਪਣੀ ਪੂਰੀ ਟੀਮ ਸਮੇਤ ਅਤੇ ਵਰਧਮਾਨ ਹਸਪਤਾਲ ਤੋਂ ਸੌਰਵ ਜੈਨ ਨੇ ਸ਼ਿਰਕਤ ਕਰਦਿਆਂ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸਮਾਰੋਹ ਵਿੱਚ ਪੁੱਜੀਆਂ ਸਮੂਹ ਸ਼ਖ਼ਸੀਅਤਾਂ ਨੇ ਸ਼੍ਰੀ ਸਨਾਤਨ ਧਰਮ ਟਰੱਸਟ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਜੈ ਕਿਸ਼ੋਰੀ ਜੀ ਦਾ ਆਗਮਨ ਸਮੁੱਚੇ ਇਲਾਕੇ ਲਈ ਵੱਡੇ ਮਾਣ ਅਤੇ ਸੁਭਾਗ ਦੀ ਗੱਲ ਹੈ। ਇਸ ਦੌਰਾਨ ਅਨਾਜ ਮੰਡੀ ਦੇ ਸਮੂਹ ਆੜ੍ਹਤੀ ਭਰਾਵਾਂ ਅਤੇ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਵੀ ਭਰਵੀਂ ਹਾਜ਼ਰੀ ਲਗਵਾਈ। ਸਮਾਰੋਹ ਦੌਰਾਨ ਸਨਾਤਨ ਧਰਮ ਦਾ ਪ੍ਰਚਾਰ ਕਰ ਰਹੇ ਪ੍ਰਸਿੱਧ ਗਾਇਕ ਅਦਿੱਤਿਆ ਗੋਇਲ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ ਅਤੇ ਉੱਥੇ ਪਹੁੰਚੇ ਸਮੂਹ ਗਣਮਾਨਯ ਸੱਜਣਾਂ ਨੂੰ ਆਪਣਾ ਭਜਨ ਗਾ ਕੇ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਆੜ੍ਹਤੀ ਭਰਾਵਾਂ ਅਤੇ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸਮੂਹ ਸਾਥੀਆਂ ਵੱਲੋਂ ਵਲੰਟੀਅਰ ਤੌਰ ’ਤੇ ਤਨ-ਮਨ ਅਤੇ ਸੇਵਾ ਭਾਵਨਾ ਨਾਲ ਇਸ ਵਿਸ਼ਾਲ ਸਮਾਗਮ ਦੀ ਸਮੁੱਚੀ ਦੇਖ-ਰੇਖ ਅਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।






