ਅੰਮ੍ਰਿਤਸਰ, 20 ਨਵੰਬਰ,2026 (ਚੌਧਰੀ ਪ੍ਰਭਜੀਤ ਸਿੰਘ ) : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਲਾਨਾ ਜਨਰਲ ਇਜਲਾਸ ਵਿੱਚ ਐਡਵੋਕੇਟ ਹਰਜਿੰਦਰ ਧਾਮੀ ਨੂੰ ਇੱਕ ਵਾਰ ਫਿਰ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਮੈਂਬਰਾਂ ਨੇ ਉਨ੍ਹਾਂ ਦੇ ਨਾਮ ‘ਤੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ। ਇਸ ਦੇ ਨਾਲ ਹੀ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਦੀ ਚੋਣ ਲਈ ਸਾਬਕਾ SGPC ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਪੇਸ਼ ਕੀਤਾ। ਇਸ ਮਤੇ ਦੀ ਅਰਵਿੰਦਰ ਪਾਲ ਸਿੰਘ ਪੱਖੋਕੇ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਤਾਈਦ ਕੀਤੀ। ਚੋਣ ਪ੍ਰੀਕਿਰਿਆ ਦੌਰਾਨ ਵਿਰੋਧੀ ਧਿਰ ਵਲੋਂ ਪ੍ਰਧਾਨਗੀ ਦੇ ਅਹੁਦੇ ਲਈ ਕੋਈ ਹੋਰ ਉਮੀਦਵਾਰ ਪੇਸ਼ ਨਹੀ ਕੀਤਾ ਗਿਆ, ਜਿਸ ਕਾਰਨ ਧਾਮੀ ਨੂੰ ਬਿਨਾਂ ਮੁਕਾਬਲੇ ਮੁੜ ਪ੍ਰਧਾਨ ਚੁਣ ਲਿਆ ਗਿਆ। ਸਿੱਖ ਕੌਮ ਦੀ ਧਾਰਮਿਕ ਅਤੇ ਪ੍ਰਬੰਧਕੀ ਸੰਸਥਾ ਵਜੋਂ ਅਹਿਮ ਸਥਾਨ ਰੱਖਣ ਵਾਲੀ SGPC ਦਾ ਇਹ ਸਲਾਨਾ ਇਜਲਾਸ ਦੁਪਹਿਰ 12 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ੁਰੂ ਹੋਇਆ।
ਅਰਦਾਸ ਉਪਰੰਤ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਨੇ ਇਜਲਾਸ ਦੀ ਕਾਰਵਾਈ ਆਰੰਭ ਕੀਤੀ। ਇਸ ਮੌਕੇ ਵਿੱਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ੌਂਕ ਮਤੇ ਵੀ ਪੜ੍ਹੇ ਗਏ। ਇਸ ਤੋਂ ਬਾਅਦ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਪ੍ਰੀਕਿਰਿਆ ਸ਼ੁਰੂ ਕੀਤੀ ਗਈ। ਸਕੱਤਰ ਵਲੋ ਮੈਂਬਰਾਂ ਨੂੰ ਭੇਜੇ ਗਏ ਸੱਦਾ ਪਤਰਾਂ ਅਤੇ ਚੋਣ ਸਬੰਧੀ ਕਾਰਵਾਈ ਨੂੰ ਅੱਗੇ ਵਧਾਉਂਦਿਆ ਵੱਖ-ਵੱਖ ਅਹੁਦਿਆ ਲਈ ਨਾਮ ਪੇਸ਼ ਕਿਤੇ ਗਏ। ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਧਿਰ ਦਾ ਪ੍ਰਭਾਵ ਸਪੱਸ਼ਟ ਤੌਰ ਤੇ ਦਿਖਾਈ ਦਿੱਤਾ। ਪਾਰਟੀ ਵਲੋਂ ਆਪਣੇ ਸਮਰਥਿਤ ਉਮੀਦਵਾਰਾਂ ਦੀ ਚੋਣ ਲਈ ਪਹਿਲਾਂ ਤੋਂ ਹੀ ਰਣਨੀਤੀ ਤਿਆਰ ਕੀਤੀ ਗਈ ਸੀ। ਪ੍ਰਧਾਨਗੀ ਲਈ ਕਿਸੇ ਹੋਰ ਉਮੀਦਵਾਰ ਦੇ ਸਾਹਮਣੇ ਨਾ ਆਉਣ ਕਰਨ ਐਡਵੋਕੇਟ ਧਾਮੀ ਦੀ ਮੁੜ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ। ਹੁਣ ਸਾਰਿਆ ਦੀ ਨਜ਼ਰ ਜਨਰਲ ਇਜਲਾਸ ਵਿਚ ਚੁਣੇ ਜਾਣ ਵਾਲੇ ਬਾਕੀ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ‘ਤੇ ਟਿਕੀ ਹੋਈ ਹੈ। ਇਹਨਾਂ ਚੋਣਾਂ ਨਾਲ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਤੇ ਧਾਰਮਿਕ ਕਾਰਜਾਂ ਦੀ ਅਗਵਾਈ ਕਰਨ ਵਾਲੀ ਨਵੀਂ ਟੀਮ ਦਾ ਗਠਨ ਹੋਵੇਗਾ।






