Homeਦੇਸ਼ਵਿਦੇਸ਼ੀ ਆਗੂਆਂ ਤੋਂ ਭਾਰਤ ਦੀ ਲੋਕਤੰਤਰੀ ਵਿਵਸਥਾ ਨੂੰ ਬਦਨਾਮ ਕਰਵਾਉਣ ਦੀ ਕੋਸ਼ਿਸ਼...

ਵਿਦੇਸ਼ੀ ਆਗੂਆਂ ਤੋਂ ਭਾਰਤ ਦੀ ਲੋਕਤੰਤਰੀ ਵਿਵਸਥਾ ਨੂੰ ਬਦਨਾਮ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਰਾਹੁਲ ਗਾਂਧੀ : ਤਰੁਣ ਚੁੱਘ

Tarun Chugh Accuses Rahul Gandhi of Using International Platforms to Discredit India's Democratic Institutions and Damage the Country's Image.

ਭਾਜਪਾ ਆਗੂ ਦਾ ਦੋਸ਼, ਕਾਂਗਰਸ ਨੇ ‘ਭਾਰਤ ਸਮਿਟ’ ਨੂੰ ਦੇਸ਼ ਦੀ ਛਵੀ ਖ਼ਰਾਬ ਕਰਨ ਦਾ ਕੌਮਾਂਤਰੀ ਮੰਚ ਬਣਾਇਆ

ਚੰਡੀਗੜ੍ਹ, 17 ਨਵੰਬਰ, 2026 (ਹਰਸ਼ਪ੍ਰੀਤ ਕੌਰ) : ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਅਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ, ਸੰਵਿਧਾਨਕ ਪ੍ਰਣਾਲੀ ਅਤੇ ਦੇਸ਼ ਦੀ ਕੌਮਾਂਤਰੀ ਛਵੀ ਨੂੰ ਨੁਕਸਾਨ ਪਹੁੰਚਾਉਣ ਲਈ ਵਿਦੇਸ਼ੀ ਆਗੂਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿੱਚ ਕਰਵਾਏ ਗਏ ‘ਭਾਰਤ ਸਮਿਟ’ ਨੂੰ ਕਾਂਗਰਸ ਨੇ ਸਿਆਸੀ ਮੰਚ ਵਿੱਚ ਬਦਲ ਕੇ ਦੇਸ਼ ਦੀ ਲੋਕਤੰਤਰੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰਨ ਲਈ ਵਰਤਿਆ ਹੈ।

ਤਰੁਣ ਚੁੱਘ ਨੇ ਕਿਹਾ ਕਿ ਵਿਦੇਸ਼ੀ ਮਹਿਮਾਨਾਂ ਸਾਹਮਣੇ ਭਾਰਤ ਵਿੱਚ ਲੋਕਤੰਤਰ ਦੇ ਖ਼ਤਮ ਹੋਣ ਵਰਗੀ ਤਸਵੀਰ ਪੇਸ਼ ਕਰਨਾ ਅਤੇ ਕੇਂਦਰ ਸਰਕਾਰ ਵਿਰੁੱਧ ਦੋਸ਼ ਲਗਾਉਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਉਸ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਯੂਰਪੀਅਨ ਸੋਸ਼ਲਿਸਟ ਪਾਰਟੀ ਦੇ ਸਕੱਤਰ ਜਨਰਲ ਗਿਆਕੋਮੋ ਫਿਲੀਬੈਕ ਵੱਲੋਂ ‘ਵੋਟ ਚੋਰ, ਗੱਦੀ ਛੋੜ’ ਦਾ ਨਾਅਰਾ ਦੁਹਰਾਇਆ ਗਿਆ। ਇਸ ਦੌਰਾਨ ਰਾਹੁਲ ਗਾਂਧੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੂੰ ਹੱਸਦੇ ਅਤੇ ਤਾੜੀਆਂ ਮਾਰਦੇ ਦੇਖਿਆ ਗਿਆ। ਚੁੱਘ ਨੇ ਕਿਹਾ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਇਸ ਘਟਨਾ ’ਤੇ ਸਹੀ ਸਵਾਲ ਉਠਾਇਆ ਹੈ ਕਿ ਜਦੋਂ ਕੋਈ ਵਿਦੇਸ਼ੀ ਵਿਅਕਤੀ ਭਾਰਤ ਦਾ ਅਪਮਾਨ ਕਰੇ ਤਾਂ ਉਸ ਮੌਕੇ ਹੱਸਣ ਵਾਲਿਆਂ ਦੀ ਭੂਮਿਕਾ ਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਾਂਗਰਸ ਨੇ ਹੁਣ ਭਾਰਤ ਦੇ ਅੰਦਰੂਨੀ ਸਿਆਸੀ ਮਾਮਲਿਆਂ ਵਿੱਚ ਵਿਦੇਸ਼ੀ ਸਿਆਸੀ ਨੁਮਾਇੰਦਿਆਂ ਨੂੰ ਸ਼ਾਮਲ ਕਰਨਾ ਅਤੇ ਚੋਣ ਕਮਿਸ਼ਨ ਸਮੇਤ ਲੋਕਤੰਤਰੀ ਸੰਸਥਾਵਾਂ ਵਿਰੁੱਧ ਉਨ੍ਹਾਂ ਦੀ ਹਮਾਇਤ ਹਾਸਲ ਕਰਨਾ ਆਪਣੀ ਸਿਆਸੀ ਰਣਨੀਤੀ ਬਣਾ ਲਿਆ ਹੈ?

ਭਾਜਪਾ ਆਗੂ ਨੇ ਕਿਹਾ ਕਿ ਭਾਰਤ ਦੀ ਲੋਕਤੰਤਰੀ ਵਿਵਸਥਾ ਅਤੇ ਚੋਣ ਪ੍ਰਕਿਰਿਆ ਦੇਸ਼ ਦੇ ਨਾਗਰਿਕਾਂ ਦਾ ਅੰਦਰੂਨੀ ਮਾਮਲਾ ਹੈ। ਇਸ ਲਈ ਕਿਸੇ ਵਿਦੇਸ਼ੀ ਸਿਆਸੀ ਸੰਗਠਨ ਜਾਂ ਆਗੂ ਤੋਂ ਪ੍ਰਮਾਣਿਕਤਾ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਨਾਲ ਰਾਹੁਲ ਗਾਂਧੀ ਨੂੰ ਸੱਤਾ ਹਾਸਲ ਨਹੀਂ ਹੋਵੇਗੀ। ਤਰੁਣ ਚੁੱਘ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੇ ਹਨ ਤਾਂ ਵਿਦੇਸ਼ੀ ਮੰਚਾਂ ’ਤੇ ਦੇਸ਼ ਦੀਆਂ ਸੰਸਥਾਵਾਂ ਬਾਰੇ ਬਿਆਨਬਾਜ਼ੀ ਕਰਨ ਦੀ ਬਜਾਏ ਭਾਰਤ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ, ਨੌਜਵਾਨਾਂ ਅਤੇ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਸੁਣਨ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਦੀ ਅਸਲ ਤਾਕਤ ਦੇਸ਼ ਦੇ ਲੋਕਾਂ ਵੱਲੋਂ ਦਿੱਤੇ ਗਏ ਜਨਮਤ ਵਿੱਚ ਹੈ, ਨਾ ਕਿ ਵਿਦੇਸ਼ੀ ਆਗੂਆਂ ਦੀ ਸਿਆਸੀ ਹਮਾਇਤ ਵਿੱਚ।

 

RELATED ARTICLES
- Advertisment -
Google search engine
Google search engine
Google search engine

Most Popular

Recent Comments