ਸਵੈ-ਗਣਨਾ ਲਈ 10 ਤੋਂ 24 ਜਨਵਰੀ ਤੱਕ ਮਿਲੇਗਾ ਮੌਕਾ, 1 ਮਾਰਚ 2027 ਨੂੰ ਅੱਧੀ ਰਾਤ 12 ਵਜੇ ਨੂੰ ਮੰਨਿਆ ਜਾਵੇਗਾ ਹਵਾਲਾ ਸਮਾਂ
ਨਵੀਂ ਦਿੱਲੀ, 31 ਅਕਤੂਬਰ 2026 (ਗੁਰਮੀਤ ਸਿੰਘ ਤੁੰਗ ) : ਕੇਂਦਰ ਸਰਕਾਰ ਨੇ ਜਨਗਣਨਾ 2027 ਦੇ ਤਹਿਤ ਦੇਸ਼ ਭਰ ਵਿੱਚ ਆਬਾਦੀ ਦੀ ਗਿਣਤੀ ਕਰਨ ਲਈ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਨੋਟੀਫਿਕੇਸ਼ਨ ਅਨੁਸਾਰ, ਚੋਣਾਂ ਵਾਲੇ ਸੂਬਿਆਂ ਅਤੇ ਬਰਫ਼ਬਾਰੀ ਕਾਰਨ ਪ੍ਰਭਾਵਿਤ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀ ਦੇਸ਼ ਵਿੱਚ 25 ਜਨਵਰੀ ਤੋਂ 28 ਫਰਵਰੀ 2027 ਤੱਕ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ 1 ਮਾਰਚ ਤੋਂ 5 ਮਾਰਚ ਤੱਕ ਸੋਧ ਅਤੇ ਮੁੜ ਜਾਂਚ ਦਾ ਦੌਰ ਚੱਲੇਗਾ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤਿਊਂਜਯ ਕੁਮਾਰ ਨਾਰਾਇਣ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਜਨਗਣਨਾ ਲਈ ਹਵਾਲਾ ਮਿਤੀ 1 ਮਾਰਚ 2027 ਦੀ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਸ ਸਮੇਂ ਤੱਕ ਜਿਊਂਦੇ ਹਰ ਵਿਅਕਤੀ ਨੂੰ ਜਨਗਣਨਾ ਦੇ ਅੰਕੜਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ, ਜਦਕਿ ਇਸ ਸਮੇਂ ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਇਸ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਨੋਟੀਫਿਕੇਸ਼ਨ ਅਨੁਸਾਰ, ਮਣੀਪੁਰ (ਅਗਲੇ ਹੁਕਮਾਂ ਤੱਕ), ਗੋਆ, ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਬਰਫ਼ਬਾਰੀ ਪ੍ਰਭਾਵਿਤ ਗੈਰ-ਸਮਕਾਲੀ ਇਲਾਕਿਆਂ ਵਿੱਚ ਇਸ ਸਮਾਂ-ਸਾਰਣੀ ਤਹਿਤ ਜਨਗਣਨਾ ਨਹੀਂ ਹੋਵੇਗੀ। ਇਨ੍ਹਾਂ ਇਲਾਕਿਆਂ ਲਈ ਵੱਖਰੇ ਹੁਕਮ ਜਾਰੀ ਕੀਤੇ ਜਾਣਗੇ। ਇਸ ਵਾਰ ਜਨਗਣਨਾ ਦੀ ਪ੍ਰਕਿਰਿਆ ਵਿੱਚ ਪਹਿਲੀ ਵਾਰ ਲੋਕਾਂ ਨੂੰ ਖੁਦ ਆਪਣੀ ਜਾਣਕਾਰੀ ਦਰਜ ਕਰਵਾਉਣ ਦਾ ਵਿਕਲਪ ਵੀ ਦਿੱਤਾ ਜਾਵੇਗਾ। ਇਸ ਲਈ 10 ਜਨਵਰੀ ਤੋਂ 24 ਜਨਵਰੀ 2027 ਤੱਕ ਸਵੈ-ਗਣਨਾ ਦੀ ਸਹੂਲਤ ਉਪਲਬਧ ਹੋਵੇਗੀ। ਇਹ ਸਮਾਂ ਘਰ-ਘਰ ਜਾ ਕੇ ਆਬਾਦੀ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਪਿਛਲੀ ਜਨਗਣਨਾ ਸਾਲ 2011 ਵਿੱਚ ਹੋਈ ਸੀ। ਸਾਲ 2021 ਵਿੱਚ ਹੋਣ ਵਾਲੀ ਜਨਗਣਨਾ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਜਨਗਣਨਾ 2027 ਦੀ ਪ੍ਰਕਿਰਿਆ ਦੋ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਮਕਾਨਾਂ ਦੀ ਸੂਚੀ ਤਿਆਰ ਕਰਨ ਅਤੇ ਰਿਹਾਇਸ਼ੀ ਸਥਿਤੀ ਦਾ ਵੇਰਵਾ ਇਕੱਠਾ ਕੀਤਾ ਜਾਵੇਗਾ, ਜਦਕਿ ਦੂਜੇ ਪੜਾਅ ਵਿੱਚ ਦੇਸ਼ ਦੀ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ।






