ਦੁਬਈ, 28 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਦੌਰਾਨ ਦਿਖਾਈ ਗਈ ਬਹਾਦਰੀ ਲਈ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਅਤੇ ਜਹਾਜ਼ ਦੇ ਹੋਰ ਚਾਲਕ ਦਲ ਮੈਂਬਰਾਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਵੱਲੋਂ ਉਨ੍ਹਾਂ ਨੂੰ ‘ਫਰਸਟ ਕਲਾਸ ਆਰਡਰ ਆਫ ਜਾਇਦ 2’ ਨਾਲ ਨਿਵਾਜਿਆ ਗਿਆ। ਦੁਬਈ ਸਰਕਾਰ ਦੇ ਮੀਡੀਆ ਦਫ਼ਤਰ ਅਨੁਸਾਰ, ਦੁਬਈ ਦੇ ਯੁਵਰਾਜ ਅਤੇ ਯੂਏਈ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇਹ ਸਨਮਾਨ ਪ੍ਰਦਾਨ ਕੀਤਾ। ਇਸ ਮੌਕੇ ਚਾਲਕ ਦਲ ਦੀ ਹਿੰਮਤ, ਜ਼ਿੰਮੇਵਾਰੀ ਅਤੇ ਮੁਸ਼ਕਲ ਹਾਲਾਤ ਵਿੱਚ ਦਿਖਾਈ ਗਈ ਸੂਝ-ਬੂਝ ਦੀ ਸ਼ਲਾਘਾ ਕੀਤੀ ਗਈ।
ਹਮਲੇ ਕਾਰਨ ਜਹਾਜ਼ ਵਿੱਚ ਪੈਦਾ ਹੋਈ ਸੀ ਐਮਰਜੈਂਸੀ
ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਘਟਨਾ 30 ਸਤੰਬਰ ਨੂੰ ਫਲਾਈਦੁਬਈ ਦੀ ਉਡਾਣ FZ1073 ਵਿੱਚ ਵਾਪਰੀ ਸੀ। ਜਹਾਜ਼ ਵਿੱਚ 170 ਤੋਂ ਵੱਧ ਯਾਤਰੀ ਸਵਾਰ ਸਨ। ਉਡਾਣ ਦੌਰਾਨ ਸਹਿ-ਪਾਇਲਟ ਨੇ ਕਾਕਪਿਟ ਵਿੱਚ ਐਮਰਜੈਂਸੀ ਲਈ ਰੱਖੀ ਕੁਹਾੜੀ ਨਾਲ ਕੈਪਟਨ ਸਮਿਤ ਮੱਛਾਰ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਮਲੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਰਿਪੋਰਟ ਅਨੁਸਾਰ, ਹਮਲੇ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਆਉਣ ਲੱਗਾ ਅਤੇ 30 ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਲਗਭਗ 14,000 ਫੁੱਟ ਦੀ ਉਚਾਈ ਗੁਆ ਬੈਠਾ। ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਹਿੰਮਤ ਨਹੀਂ ਹਾਰੀ ਅਤੇ ਕਾਕਪਿਟ ਦੇ ਦਰਵਾਜ਼ੇ ਦਾ ਲੌਕ ਖੋਲ੍ਹਣ ਵਿੱਚ ਸਫ਼ਲ ਰਹੇ। ਇਸ ਨਾਲ ਜਹਾਜ਼ ਵਿੱਚ ਮੌਜੂਦ ਹੋਰ ਕਰਮਚਾਰੀਆਂ ਨੂੰ ਸਹਿ-ਪਾਇਲਟ ’ਤੇ ਕਾਬੂ ਪਾਉਣ ਵਿੱਚ ਮਦਦ ਮਿਲੀ।
ਸਾਊਦੀ ਅਰਬ ਵਿੱਚ ਜਹਾਜ਼ ਦੀ ਸੁਰੱਖਿਅਤ ਲੈਂਡਿੰਗ
ਘਟਨਾ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਦੋ ਹੋਰ ਪਾਇਲਟਾਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਾਬੁਕ ਵਿੱਚ ਸੁਰੱਖਿਅਤ ਉਤਾਰਿਆ। ਇਸ ਕਾਰਵਾਈ ਨਾਲ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਮਿਲੀ। ਕੈਪਟਨ ਸਮਿਤ ਮੱਛਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਤਾ ਗਿਆ ਇਹ ਸਨਮਾਨ ਸੰਕਟ ਦੇ ਸਮੇਂ ਉਨ੍ਹਾਂ ਦੀ ਬਹਾਦਰੀ ਅਤੇ ਪੇਸ਼ੇਵਰ ਜ਼ਿੰਮੇਵਾਰੀ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ।






