ਨਵੀਂ ਦਿੱਲੀ, 3 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ): ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਾਕਪਿਟ ਵਿੱਚ ਹੋਈ ਗੰਭੀਰ ਘਟਨਾ ਦੌਰਾਨ ਜ਼ਖ਼ਮੀ ਹੋਣ ਦੇ ਬਾਵਜੂਦ ਜਹਾਜ਼ ਨੂੰ ਵੱਡੇ ਹਾਦਸੇ ਤੋਂ ਬਚਾਉਣ ਵਾਲੇ ਕੈਪਟਨ ਸਮਿਤ ਮੱਛਰ ਦੀ ਬਹਾਦਰੀ ਨੂੰ ਸਨਮਾਨਿਤ ਕਰਨ ਲਈ 25 ਲੱਖ ਰੁਪਏ ਦੇ ‘ਸਮਿਤ ਮੱਛਰ ਬਹਾਦਰੀ ਐਵਾਰਡ’ ਦਾ ਐਲਾਨ ਕੀਤਾ ਹੈ। ਸਾਹਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦਿਆਂ ਕਿਹਾ ਕਿ ਬਹਾਦਰੀ ਭਰਿਆ ਕੰਮ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਬਣਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਨ ਫਾਊਂਡੇਸ਼ਨ ਵੱਲੋਂ ਕੈਪਟਨ ਸਮਿਤ ਮੱਛਰ ਦੇ ਨਾਮ ’ਤੇ 25 ਲੱਖ ਰੁਪਏ ਦਾ ਬਹਾਦਰੀ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਨ ਨੂੰ ਖ਼ਤਰੇ ਵਾਲੀ ਸਥਿਤੀ ਵਿੱਚ ਕਾਕਪਿਟ ’ਤੇ ਹੋਏ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮੱਛਰ ਨੇ ਹੌਸਲਾ ਨਹੀਂ ਛੱਡਿਆ ਅਤੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਹਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੈਪਟਨ ਸਮਿਤ ਮੱਛਰ ਨੂੰ ਅਸ਼ੋਕ ਚੱਕਰ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਵਿਚਾਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਮੱਛਰ ਦੀ ਹਿੰਮਤ ਨੌਜਵਾਨਾਂ ਨੂੰ ਹਿੰਮਤ, ਜ਼ਿੰਮੇਵਾਰੀ ਅਤੇ ਮਨੁੱਖੀ ਜ਼ਿੰਦਗੀ ਦੀ ਰੱਖਿਆ ਲਈ ਪ੍ਰੇਰਿਤ ਕਰੇ।
ਪਰਿਵਾਰ ਨੇ ਜਤਾਇਆ ਮਾਣ : ਕੈਪਟਨ ਸਮਿਤ ਮੱਛਰ ਦੀ ਬਹਾਦਰੀ ਤੋਂ ਬਾਅਦ ਰਾਜਕੋਟ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਵੀ ਮਾਣ ਪ੍ਰਗਟ ਕੀਤਾ ਹੈ। ਕੈਪਟਨ ਦੇ ਚਚੇਰੇ ਭਰਾ ਪੁਲਕਿਤ ਮੱਛਰ ਨੇ ਦੱਸਿਆ ਕਿ ਪਰਿਵਾਰ, ਭਾਈਚਾਰੇ ਅਤੇ ਪੂਰੇ ਦੇਸ਼ ਨੂੰ ਉਨ੍ਹਾਂ ਦੀ ਹਿੰਮਤ ’ਤੇ ਮਾਣ ਹੈ। ਉਨ੍ਹਾਂ ਕੈਪਟਨ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮੇਂ ਸਿੱਧੇ ਤੌਰ ’ਤੇ ਗੱਲਬਾਤ ਦੀ ਇਜਾਜ਼ਤ ਨਹੀਂ ਹੈ। ਪਰਿਵਾਰ ਨੂੰ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਕੈਪਟਨ ਮੱਛਰ ਰਿਕਵਰੀ ਦੇ ਪੜਾਅ ਵਿੱਚ ਹਨ। ਪਰਿਵਾਰ ਅਤੇ ਦੇਸ਼ ਵਾਸੀ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰ ਰਹੇ ਹਨ।
ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਵਿੱਚ ਵਾਪਰੀ ਸੀ ਘਟਨਾ : 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਦੌਰਾਨ ਕਾਕਪਿਟ ਵਿੱਚ ਸੁਰੱਖਿਆ ਸੰਬੰਧੀ ਗੰਭੀਰ ਘਟਨਾ ਵਾਪਰੀ ਸੀ। ਰਿਪੋਰਟਾਂ ਮੁਤਾਬਕ ਓਮਾਨੀ ਸਹਿ-ਪਾਇਲਟ ਵੱਲੋਂ ਕਮਾਂਡਰ ’ਤੇ ਕਥਿਤ ਤੌਰ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਆਇਆ ਅਤੇ ਲਗਭਗ ਦੋ ਮਿੰਟਾਂ ਵਿੱਚ ਕਰੀਬ 16,000 ਫੁੱਟ ਦੀ ਉਚਾਈ ਗੁਆ ਬੈਠਾ। ਇਸ ਦੌਰਾਨ ਹਾਈਜੈਕਿੰਗ ਸਬੰਧੀ ਐਮਰਜੈਂਸੀ ਸੰਕੇਤ ਵੀ ਭੇਜਿਆ ਗਿਆ। ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਕੈਪਟਨ ਸਮਿਤ ਮੱਛਰ ਨੇ ਹਮਲਾਵਰ ਦਾ ਮੁਕਾਬਲਾ ਕੀਤਾ। ਫਲਾਈਟ ਕਰੂ ਅਤੇ ਯਾਤਰੀਆਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕੀਤਾ ਗਿਆ ਅਤੇ ਜਹਾਜ਼ ’ਤੇ ਮੁੜ ਕੰਟਰੋਲ ਕਾਇਮ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਸਾਊਦੀ ਅਰਬ ਦੇ ਤਬੂਕ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਰਿਪੋਰਟ ਮੁਤਾਬਕ ਜਹਾਜ਼ ਵਿੱਚ ਸਵਾਰ ਸਾਰੇ 180 ਲੋਕ ਸੁਰੱਖਿਅਤ ਤੌਰ ’ਤੇ ਬਾਹਰ ਨਿਕਲ ਆਏ।







