ਅੰਮ੍ਰਿਤਸਰ, 24 ਸਤੰਬਰ(ਰਾਜੇਸ਼ ਕੁਮਾਰ): ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ASI ਜਸਵੰਤ ਸਿੰਘ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਕਰਨ ਨਾਮਕ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਪੁਲਿਸ ਉਸਨੂੰ ਹਥਿਆਰ ਦੀ ਬਰਾਮਦਗੀ ਲਈ ਮਜੀਠਾ ਇਲਾਕੇ ਵਿੱਚ ਲੈ ਕੇ ਗਈ ਸੀ, ਜਿੱਥੇ ਉਹ ਪੁਲਿਸ ਟੀਮ ਨੂੰ ਚਕਮਾ ਦੇ ਕੇ ਨਿਕਲ ਗਿਆ।
ਘਟਨਾ ਤੋਂ ਬਾਅਦ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਲਾਪਰਵਾਹੀ ਦੇ ਦੋਸ਼ ਹੇਠ ਰਾਜਾਸਾਂਸੀ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
11 ਸਤੰਬਰ ਨੂੰ ASI ’ਤੇ ਹੋਇਆ ਸੀ ਹਮਲਾ
ਜਾਣਕਾਰੀ ਅਨੁਸਾਰ 11 ਸਤੰਬਰ ਦੀ ਰਾਤ ਰਾਜਾਸਾਂਸੀ ਇਲਾਕੇ ਵਿੱਚ ASI ਜਸਵੰਤ ਸਿੰਘ ’ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਚਲਾਈ ਸੀ। ਗੋਲੀ ਉਨ੍ਹਾਂ ਦੀ ਪੱਗ ਨੂੰ ਭੇਦਦੀ ਹੋਈ ਸਿਰ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ ਸਨ।
ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ CCTV ਫੁਟੇਜ ਦੀ ਮਦਦ ਨਾਲ ਝੰਜੋਟੀ ਪਿੰਡ ਦੇ ਰਹਿਣ ਵਾਲੇ ਕਰਨ ਨੂੰ ਕਾਬੂ ਕੀਤਾ ਸੀ। ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ।
ਹਥਿਆਰ ਬਰਾਮਦਗੀ ਦੌਰਾਨ ਹੋਇਆ ਫਰਾਰ
ਪੁਲਿਸ ਮੁਤਾਬਕ ਜਾਂਚ ਦੌਰਾਨ ਮੁਲਜ਼ਮ ਤੋਂ ਹਥਿਆਰ ਬਰਾਮਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਉਹ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਮੁੜ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਘਟਨਾ ਨੇ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿੱਚੋਂ ਬਾਹਰ ਲਿਜਾਣ ਸਮੇਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ਸਬੰਧੀ ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ।







