ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੱਡੀਆਂ ਦੀ ਜਾਂਚ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਮੁਫ਼ਤ ਉਪਲਬਧ; ਸਰੀਰ ਦੇ ਨਾਲ ਮਨ ਦੀ ਸਿਹਤ ਦਾ ਵੀ ਦਿੱਤਾ ਸੰਦੇਸ਼
ਮੋਗਾ, 14 ਸਤੰਬਰ, 2026 (ਲਛਮਣਜੀਤ ਸਿੰਘ ਪੁਰਬਾ) : ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ।
ਕੈਂਪ ਵਿੱਚ ਸ੍ਰੀ ਸਤਿਆ ਸਾਈ ਮੁਰਲੀਧਰ ਹਸਪਤਾਲ ਨਾਲ ਸਬੰਧਤ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਸਮੇਤ ਹੋਰ ਮੈਡੀਕਲ ਮਾਹਿਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਤੋਂ ਇਲਾਵਾ ਹੱਡੀਆਂ ਦੀ ਜਾਂਚ ਕਰਕੇ ਕੈਲਸ਼ੀਅਮ ਦੇ ਪੱਧਰ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਡਾਕਟਰਾਂ ਅਤੇ ਮੈਡੀਕਲ ਟੀਮ ਨੇ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਸਿਹਤ ਸੰਭਾਲ, ਖਾਣ-ਪੀਣ ਅਤੇ ਰੋਜ਼ਾਨਾ ਜੀਵਨ ਸ਼ੈਲੀ ਸਬੰਧੀ ਜ਼ਰੂਰੀ ਸਲਾਹ ਦਿੱਤੀ।
ਕੈਂਪ ਵਿੱਚ ਡਾਇਟੀਸ਼ੀਅਨ ਅਤੇ ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵੀ ਜਾਗਰੂਕ ਕੀਤਾ। ਮੈਡੀਕਲ ਟੀਮ ਨੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਾਈਪਰਟੈਂਸ਼ਨ ਅਤੇ ਡਾਇਬਟੀਜ਼ ਸਮੇਤ ਕਈ ਸਿਹਤ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲੋਕਾਂ ਵਿੱਚ ਮਾਨਸਿਕ ਤਣਾਅ ਵੀ ਵਧ ਰਿਹਾ ਹੈ। ਇਸ ਲਈ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ।
ਮੈਡੀਕਲ ਕੈਂਪ ਦੇ ਨਾਲ ਸਤਿਸੰਗ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤ ਨੂੰ ਮਨ ਦੀ ਸ਼ਾਂਤੀ, ਸਕਾਰਾਤਮਕ ਸੋਚ ਅਤੇ ਬਿਹਤਰ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਿਹਤਮੰਦ ਸਰੀਰ ਲਈ ਉਚਿਤ ਇਲਾਜ ਅਤੇ ਦਵਾਈ ਜ਼ਰੂਰੀ ਹੈ, ਜਦਕਿ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਜੀਵਨ ਲਈ ਸਤਿਗੁਰੂ ਦੇ ਸੰਦੇਸ਼ ਨਾਲ ਜੁੜਨਾ ਵੀ ਮਹੱਤਵਪੂਰਨ ਹੈ। ਸੇਵਾਦਾਰਾਂ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮਨੁੱਖਤਾ ਦੀ ਭਲਾਈ ਲਈ ਸਮੇਂ-ਸਮੇਂ ’ਤੇ ਅਜਿਹੇ ਸਿਹਤ ਅਤੇ ਸਮਾਜ ਸੇਵਾ ਦੇ ਉਪਰਾਲੇ ਕੀਤੇ ਜਾਂਦੇ ਹਨ। ਕੈਂਪ ਦੇ ਅੰਤ ਵਿੱਚ ਸਮੂਹ ਸੰਗਤ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।







