58 ਕਰੋੜ ਰੁਪਏ ਦੀ ਲਾਗਤ ਵਾਲੀ ਸਟ੍ਰੋਮ ਵਾਟਰ ਪਾਈਪ ਲਾਈਨ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 14 ਸਤੰਬਰ, 2026 ( ਸੰਜੀਵ ਸ਼ਰਮਾ ) : ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਦੀ ਸੂਰਤ ਬਦਲਣ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਤੇਜ਼ੀ ਨਾਲ ਪਾਣੀ ਦੀ ਨਿਕਾਸੀ ਲਈ ਪਹਿਲਾਂ ਅੰਬਾਲਾ ਛਾਉਣੀ ਦੇ ਪੁਰਾਣੇ ਸਦਰ ਖੇਤਰ ਵਿੱਚ 65 ਕਰੋੜ ਦੀ ਲਾਗਤ ਨਾਲ ਸਟ੍ਰੋਮ ਵਾਟਰ ਡ੍ਰੇਨੇਜ ਪਾਈਪ ਲਾਈਨ ਪਾਈ ਗਈ ਸੀ ਅਤੇ ਉਸ ਦਾ ਨਤੀਜਾ ਇਹ ਸੀ ਕਿ ਬਰਸਾਤਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਇਆ, ਨਾਲ ਹੀ ਮੱਖੀ-ਮੱਛਰ ਵੀ ਨਹੀਂ ਰਹੇ। ਹੁਣ ਸਾਡਾ ਨਿਸ਼ਾਨਾ ਸਾਰੇ ਅੰਬਾਲਾ ਛਾਉਣੀ ਨੂੰ ਓਪਨ ਨਾਲੀ ਮੁਕਤ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰਾ ਸ਼ਹਿਰ ਨਾਲੀ ਮੁਕਤ ਹੋਵੇ। ਇਸੇ ਲਈ ਅੱਜ ਲਗਭਗ 58 ਕਰੋੜ ਰੁਪਏ ਦੀ ਲਾਗਤ ਨਾਲ ਸਟ੍ਰੋਮ ਵਾਟਰ ਡ੍ਰੇਨੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਏਕਤਾ ਵਿਹਾਰ ਤੋਂ ਕੀਤੀ ਜਾ ਰਹੀ ਹੈ ਜਿਸ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।
ਸ਼੍ਰੀ ਵਿਜ ਨੇ ਕਿਹਾ ਕਿ ਇਸ ਕੰਮ ਦੇ ਹੋਣ ਤੋਂ ਬਾਅਦ ਇਹ ਖੇਤਰ ਖੁੱਲ੍ਹੀ ਨਾਲੀ ਮੁਕਤ ਹੋਵੇਗਾ। ਉਨ੍ਹਾਂ ਕਿਹਾ ਅਜੇ ਜਗਾਧਰੀ ਰੋਡ ਗੋਵਿੰਦ ਨਗਰ ਤੋਂ ਸਹਾਰਨਪੁਰ ਰੇਲ ਲਾਈਨ ਵੱਲ ਟਾਂਗਰੀ ਬੰਨ੍ਹ ਤੱਕ ਸਟ੍ਰੋਮ ਵਾਟਰ ਪਾਈਪ ਲਾਈਨ ਪਾਈ ਜਾ ਰਹੀ ਹੈ। ਊਰਜਾ ਮੰਤਰੀ ਅਨਿਲ ਵਿਜ ਨੇ ਜਨ ਸਿਹਤ ਵਿਭਾਗ ਦੇ ਐਕਸੀਐਨ ਹਰਭਜਨ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ ਤਿੰਨ-ਚਾਰ ਟੀਮਾਂ ਬਣਾਉਣ ਤਾਂ ਜੋ ਲਾਲਕੁਰਤੀ ਖੇਤਰ, ਬੀਸੀ ਬਾਜ਼ਾਰ, ਆਊਟਰ ਲਾਰਜ ਰੋਡ ਦੇ ਨਾਲ-ਨਾਲ ਏਕਤਾ ਵਿਹਾਰ ਖੇਤਰ ਵਿੱਚ ਸਟ੍ਰੋਮ ਵਾਟਰ ਡ੍ਰੇਨੇਜ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਏਕਤਾ ਵਿਹਾਰ ਖੇਤਰ ਵਿੱਚ ਜਿੱਥੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉੱਥੇ ਨਾਲੀਆਂ ਦਾ ਲੈਵਲ ਠੀਕ ਕਰਵਾ ਕੇ ਇਸ ਕੰਮ ਨੂੰ ਕਰਵਾਉਣ, ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸੁਚੱਜੇ ਢੰਗ ਨਾਲ ਹੋ ਸਕੇ। ਊਰਜਾ ਮੰਤਰੀ ਨੇ ਕਿਹਾ ਕਿ ਜਗਾਧਰੀ ਰੋਡ ਤੋਂ ਡਿਫੈਂਸ ਕਾਲੋਨੀ ਖੇਤਰ ਵੱਲ ਸਟ੍ਰੋਮ ਵਾਟਰ ਡ੍ਰੇਨੇਜ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਨਾਲ ਪੂਰਾ ਅੰਬਾਲਾ ਨਾਲੀ ਮੁਕਤ ਹੋ ਜਾਵੇਗਾ। ਸ਼੍ਰੀ ਵਿਜ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਯਤਨ ਰਿਹਾ ਕਿ ਅੰਬਾਲਾ ਛਾਉਣੀ ਨੂੰ ਸੁੰਦਰ ਅਤੇ ਵਿਕਸਿਤ ਬਣਾਇਆ ਜਾਵੇ ਅਤੇ ਇਸ ਦੇ ਲਈ ਲੋਕਾਂ ਨੇ ਜੋ ਤਾਕਤ ਅਤੇ ਆਸ਼ੀਰਵਾਦ ਦਿੱਤਾ ਹੈ ਉਸ ਦੇ ਤਹਿਤ ਉਨ੍ਹਾਂ ਨੇ ਅੰਬਾਲਾ ਛਾਉਣੀ ਵਿੱਚ ਅਣਗਿਣਤ ਵਿਕਾਸ ਕਾਰਜਾਂ ਨੂੰ ਕਰਵਾਉਣ ਦਾ ਕੰਮ ਕੀਤਾ ਹੈ।
ਊਰਜਾ ਮੰਤਰੀ ਅਨਿਲ ਵਿਜ ਨੇ ਲੋਕਾਂ ਤੋਂ ਸਹਿਯੋਗ ਕਰਨ ਦੀ ਕੀਤੀ ਅਪੀਲ
ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਟ੍ਰੋਮ ਵਾਟਰ ਪਾਈਪ ਲਾਈਨ ਪਾਉਣ ਦੇ ਕੰਮ ਦੌਰਾਨ ਲੋਕਾਂ ਦੇ ਘਰਾਂ ਦੇ ਅੱਗੇ ਥੜ੍ਹਿਆਂ ਨੂੰ ਤੋੜਿਆ ਜਾਵੇਗਾ ਤਾਂ ਜੋ ਪਾਣੀ ਦੀ ਲਾਈਨ ਨੂੰ ਪਾਇਆ ਜਾ ਸਕੇ। ਇਸ ਦੇ ਲਈ ਉਨ੍ਹਾਂ ਨੇ ਲੋਕਾਂ ਤੋਂ ਪੂਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਸਦਰ ਖੇਤਰ ਵਿੱਚ ਸਟ੍ਰੋਮ ਵਾਟਰ ਪਾਈਪ ਲਾਈਨ ਪਾਈ ਗਈ ਤਾਂ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਜਿਸ ਵਜ੍ਹਾ ਨਾਲ ਅੱਜ ਉੱਥੇ ਪਾਣੀ ਦੀ ਨਿਕਾਸੀ ਬਿਹਤਰ ਹੋ ਰਹੀ ਹੈ।
ਕਾਂਗਰਸ ਨੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਨਾ ਦਿੰਦਿਆਂ ਸਿਰਫ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ – ਮੰਤਰੀ ਅਨਿਲ ਵਿਜ
ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪਹਿਲਾਂ 60-70 ਸਾਲ ਕਾਂਗਰਸ ਨੇ ਰਾਜ ਕੀਤਾ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਇਨ੍ਹਾਂ ਦੇ ਰਹੇ ਪਰ ਇਨ੍ਹਾਂ ਨੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਨਾ ਦਿੰਦਿਆਂ ਕੇਵਲ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਅਸੀਂ ਟਾਂਗਰੀ ਨਦੀ ‘ਤੇ 8 ਕਿਲੋਮੀਟਰ ਲੰਬਾ ਬੰਨ੍ਹ ਬਣਾ ਕੇ ਦਿੱਤਾ ਜਿਸ ਨੂੰ ਜੀਟੀ ਰੋਡ ਨਾਲ ਜੋੜਿਆ ਗਿਆ ਹੈ। ਚਾਰ ਰੇਲਵੇ ਫਾਟਕਾਂ ਦੀ ਥਾਂ ਅੰਡਰਪਾਸ ਅਤੇ ਓਵਰਬ੍ਰਿਜ ਬਣਾਏ ਹਨ, ਕੇਵਲ ਮਛੌਂਡਾ ਵਿੱਚ ਓਵਰਬ੍ਰਿਜ ਬਣਨਾ ਬਾਕੀ ਹੈ। ਉਨ੍ਹਾਂ ਕਿਹਾ ਟਾਂਗਰੀ ਨਦੀ ਸਾਡੇ ਜਨਮ ਤੋਂ ਪਹਿਲਾਂ ਹੀ ਸੀ, ਪਰ ਕਾਂਗਰਸ ਦੀਆਂ ਸਰਕਾਰਾਂ ਨੇ ਨਦੀ ਕਿਨਾਰੇ ਬੰਨ੍ਹ ਪੱਕਾ ਨਹੀਂ ਕਰਵਾਇਆ ਪਰ ਭਾਜਪਾ ਸਰਕਾਰ ਆਉਂਦਿਆਂ ਹੀ ਅਸੀਂ ਇਹ ਕੰਮ ਕਰਵਾਇਆ ਅਤੇ ਲੱਖਾਂ ਲੋਕਾਂ ਨੂੰ ਪਾਣੀ ਤੋਂ ਸੁਰੱਖਿਆ ਪ੍ਰਦਾਨ ਕੀਤੀ। ਹੁਣ ਕਿਤੇ ਬਰਸਾਤ ਕਾਰਨ ਇੱਕ-ਦੋ ਫੁੱਟ ਪਾਣੀ ਖੜ੍ਹਾ ਹੁੰਦਾ ਹੈ ਤਾਂ ਵਿਰੋਧੀ ਧਿਰ ਉਸ ਦੀ ਫੋਟੋ ਸ਼ੂਟ ਕਰਨ ਲੱਗਦੀ ਹੈ, ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਦੇ ਸਮੇਂ ਤਾਂ ਬਰਸਾਤਾਂ ਵਿੱਚ ਅੰਬਾਲਾ ਵਿੱਚ ਕਿਸ਼ਤੀਆਂ ਤੱਕ ਚੱਲਦੀਆਂ ਸਨ। ਕੈਬਨਿਟ ਮੰਤਰੀ ਨੇ ਇਸ ਮੌਕੇ ਵਿਰੋਧੀ ਧਿਰ ‘ਤੇ ਵਾਰ ਕਰਦਿਆਂ ਕਿਹਾ ਕਿ ਹੜ੍ਹ ਤੋਂ ਬਚਾਉਣ ਲਈ ਟਾਂਗਰੀ ਦੀ ਖੁਦਾਈ ਕਰਵਾਈ ਗਈ ਉੱਥੇ ਹੀ ਮਹੇਸ਼ ਨਗਰ ਪੰਪ ਹਾਊਸ ‘ਤੇ ਪੰਪਾਂ ਦੀ ਸਮਰੱਥਾ ਵਧਾਉਂਦਿਆਂ ਨਵੇਂ ਪੰਪਾਂ ਨੂੰ ਲਗਾਇਆ ਗਿਆ।
ਮਹੇਸ਼ ਨਗਰ ਡ੍ਰੇਨ ਦੇ ਬਾਕੀ ਹਿੱਸੇ ਨੂੰ ਪੱਕਾ ਕਰਨ ਲਈ 22 ਕਰੋੜ ਦੀ ਲਾਗਤ ਨਾਲ ਟੈਂਡਰ ਅਲਾਟ – ਅਨਿਲ ਵਿਜ
ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮਹੇਸ਼ ਨਗਰ ਡ੍ਰੇਨ ਦੇ ਬਾਕੀ ਹਿੱਸੇ ਨੂੰ ਪੱਕਾ ਕਰਨ ਲਈ 22 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਅਤੇ ਇਸ ਦੇ ਤਹਿਤ ਵਰਕ ਵੀ ਅਲਾਟ ਹੋ ਚੁੱਕਾ ਹੈ। ਬਰਸਾਤੀ ਸੀਜ਼ਨ ਖਤਮ ਹੁੰਦਿਆਂ ਹੀ ਇੱਥੇ ਕੰਮ ਸ਼ੁਰੂ ਹੋ ਜਾਵੇਗਾ। ਡ੍ਰੇਨ ਨਿਰਮਾਣ ਦਾ ਡਿਜ਼ਾਈਨ ਆਈਆਈਟੀ ਰੁੜਕੀ ਤੋਂ ਤਿਆਰ ਕਰਵਾਇਆ ਗਿਆ ਹੈ ਜਿਸ ਨਾਲ ਭਵਿੱਖ ਵਿੱਚ ਮਸ਼ੀਨਾਂ ਦੇ ਮਾਧਿਅਮ ਨਾਲ ਡ੍ਰੇਨ ਦੀ ਬਿਹਤਰ ਸਫ਼ਾਈ ਹੋ ਸਕੇਗੀ।
ਸੈਂਟਰਲ ਨਾਲੇ ਨੂੰ ਬੰਦ ਕੀਤਾ ਜਿਸ ਨਾਲ ਆਸ-ਪਾਸ ਰਹਿਣ ਵਾਲਿਆਂ ਦਾ ਜੀਵਨ ਬਦਲਿਆ –ਅਨਿਲ ਵਿਜ
ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਸਦਰ ਖੇਤਰ ਵਿੱਚ ਸੈਂਟਰਲ ਨਾਲੇ ਨੂੰ ਬੰਦ ਕੀਤਾ ਜਿਸ ਦਾ ਅੱਜ ਉੱਥੋਂ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਜੀਵਨ ਬਦਲਿਆ ਹੈ। ਪਹਿਲਾਂ ਲੋਕ ਆਪਣੇ ਘਰ ਦਾ ਪਤਾ ਨਾਲੇ ਦੇ ਕਿਨਾਰੇ ਦੱਸਦੇ ਸਨ ਪਰ ਹੁਣ ਅੰਡਰਗ੍ਰਾਊਂਡ ਪਾਈਪ ਲਾਈਨ ਪੈਣ ਨਾਲ ਲੋਕ ਉੱਪਰ ਮੰਜੇ ਅਤੇ ਕੁਰਸੀਆਂ ਲਗਾ ਕੇ ਆਰਾਮ ਨਾਲ ਬੈਠਦੇ ਹਨ।
ਅੰਬਾਲਾ ਛਾਉਣੀ ਦੇ ਵਿਕਾਸ ਲਈ ਕਈ ਪ੍ਰੋਜੈਕਟ ਲਗਵਾਏ – ਅਨਿਲ ਵਿਜ
ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਸ਼ਹਿਰ ਵਿੱਚ ਵੱਡੇ-ਵੱਡੇ ਪ੍ਰੋਜੈਕਟ ਲਗਵਾ ਕੇ ਦਿੱਤੇ ਹਨ, ਜੋ ਕਿ ਅੱਜ ਨਜ਼ਰ ਆਉਂਦੇ ਹਨ। ਜੇਕਰ ਇੱਕ ਸਿਰੇ ਤੋਂ ਪ੍ਰੋਜੈਕਟਾਂ ਬਾਰੇ ਦੱਸਿਆ ਜਾਵੇ ਤਾਂ ਉਨ੍ਹਾਂ ਵਿੱਚ ਨਹਿਰੀ ਪਾਣੀ, ਸਰਕਾਰੀ ਕਾਲਜ ਅੰਬਾਲਾ ਛਾਉਣੀ, ਬੱਸ ਸਟੈਂਡ ਅੰਬਾਲਾ ਛਾਉਣੀ, ਅਨਾਜ ਮੰਡੀ, ਸ਼ਹੀਦੀ ਸਮਾਰਕ, ਸਾਇੰਸ ਮਿਊਜ਼ੀਅਮ, ਐਸਡੀਐਮ ਦਫ਼ਤਰ ਅੰਬਾਲਾ ਛਾਉਣੀ, ਨਾਗਰਿਕ ਹਸਪਤਾਲ ਅੰਬਾਲਾ ਛਾਉਣੀ, ਅਟਲ ਕੈਂਸਰ ਕੇਅਰ ਸੈਂਟਰ, ਫੀਫਾ (FIFA) ਤੋਂ ਅਪਰੂਵਡ ਫੁੱਟਬਾਲ ਸਟੇਡੀਅਮ, ਆਲ ਵੈਦਰ ਸਵੀਮਿੰਗ ਪੂਲ, ਜਿਮਨਾਸਟਿਕ ਹਾਲ, ਬੈਡਮਿੰਟਨ ਹਾਲ, ਬੈਂਕ ਸਕੁਏਅਰ, ਨਗਰ ਪ੍ਰੀਸ਼ਦ ਦਫ਼ਤਰ, ਵਿਆਯਾਮਸ਼ਾਲਾਵਾਂ, ਸੁਭਾਸ਼ ਪਾਰਕ, ਐਨਸੀਡੀਸੀ ਸੈਂਟਰ ਦੇ ਨਾਲ-ਨਾਲ ਅਨੇਕਾਂ ਅਜਿਹੀਆਂ ਪਰਿਯੋਜਨਾਵਾਂ ਹਨ ਜਿਨ੍ਹਾਂ ਨੂੰ ਬਣਵਾਉਣ ਦਾ ਕੰਮ ਕੀਤਾ ਗਿਆ ਹੈ।







