ਫਤਿਹਗੜ੍ਹ ਸਾਹਿਬ, 10 ਸਤੰਬਰ, 2026 (ਛਤਰਪਾਲ ਸਿੰਘ) : ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾ ਸਦਕਾ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਹਲਕਾ ਫਤਿਹਗੜ੍ਹ ਸਾਹਿਬ ਦੀਆਂ ਬਹੁਤ ਸਾਰੀਆਂ ਸੜਕਾਂ ਦਾ ਨਵੀਨੀਕਰਨ ਕਰਨ ਦੇ ਨਾਲ-ਨਾਲ ਵੱਡੀ ਗਿਣਤੀ ਸੜਕਾਂ ਨੂੰ 18 ਫੁੱਟ ਚੋੜਾ ਕੀਤਾ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਲਾਕ ਖੇੜਾ ਤੋਂ ਨਰਾਇਣਗੜ੍ਹ ਤੱਕ ਬਣਨ ਵਾਲੀ 4.10 ਕਿਲੋਮੀਟਰ ਲੰਮੀ 18 ਫੁੱਟੀ ਚੌੜੀ ਸੜਕ ਦਾ ਨੀਂਹ ਪੱਥਰ ਰੱਖਣ ਮੋਕੇ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਬਲਾਕ ਖੇੜਾ ਦੀ ਬਣਨ ਵਾਲੀ ਇਸ ਸੜਕ ਨਾਲ ਦਰਜਨਾਂ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸ਼ਹੀਦੀ ਜੋੜ ਮੇਲ ਦੌਰਾਨ ਆਉਣ ਵਾਲੀ ਸੰਗਤ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ 3.74 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ 05 ਸਾਲ ਤੱਕ ਮੈਂਟੀਨੈਸ ਲਈ 19.30 ਲੱਖ ਰੁਪਏ ਵਿੱਚ ਹੀ ਰੱਖੇ ਗਏ ਹਨ। ਇਸ ਸੜਕ ਦੇ ਬਣਨ ਨਾਲ ਖੇੜਾ, ਨਰਾਇਣਗੜ੍ਹ, ਦਿਵਾਲੀ, ਖੇੜੀ ਭਾਈਕੀ ਅਤੇ ਗੁਰਦੁਆਰਾ ਹੰਸਾਲੀ ਸਾਹਿਬ ਜਾਣ ਵਾਲੀਆਂ ਸੰਗਤਾਂ ਅਤੇ ਬਰਾਸ ਰੋਜਾ ਸ਼ਰੀਫ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਲਾਭ ਮਿਲੇਗਾ। ਸ਼ਹੀਦੀ ਜੋੜ ਮੇਲ ਲਈ ਜਾਣ ਵਾਲੀਆਂ ਦਰਜਨਾਂ ਪਿੰਡਾਂ ਦੀਆਂ ਸੰਗਤਾਂ ਵੀ ਇਸੇ ਰਸਤੇ ਫਤਿਹਗੜ੍ਹ ਸਾਹਿਬ ਜਾਂਦੀਆਂ ਹਨ, ਉਹਨਾਂ ਨੂੰ ਵੀ ਆਉਣ ਜਾਣ ਦੇ ਵਿੱਚ ਸੌਖ ਹੋਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਰ.ਡੀ.ਐਫ ਦਾ 10 ਕਰੋੜ ਰੁਪਏ ਲੰਮੇ ਸਮੇਂ ਤੋਂ ਰੋਕ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸਦਾ ਸਮਾਂ ਆਉਣ ਤੇ ਪੰਜਾਬੀ ਖੁਦ ਹਿਸਾਬ ਲੈਣਗੇ। ਇਸ ਮੌਕੇ ਸਰਪੰਚ ਸਾਹਿਬਾਨਾ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਹੋਰ ਆਏ ਹੋਏ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸਰਪੰਚ, ਗੁਰਭਗਤ ਸਿੰਘ, ਇੰਦਰਜੀਤ ਸਿੰਘ ਸਰਪੰਚ ਬਰਾਸ, ਅਮਰਜੀਤ ਸਿੰਘ, ਗੁਰਮੀਤ ਸਿੰਘ, ਤੇਜੀ ਬਰਾਸ, ਰੁਪਿੰਦਰ ਨਰਾਇਣਗੜ੍ਹ, ਮਨਪ੍ਰੀਤ ਸਰਪੰਚ ਢੋਲਾਂ, ਕਰਮਜੀਤ ਸਿੰਘ ਹੈਪੀ ਭੈਣੀ, ਹਰਮੇਸ਼ ਪੁੰਨੀਆ, ਅਮਰਿੰਦਰ ਮੰਡੋਫਲ, ਸੁਰਮੁੱਖ ਸਿੰਘ ਝਾਂਮਪੁਰ, ਹਰਵਿੰਦਰ ਸਿੰਘ ਬਲਾੜਾ, ਵਿਕਰਮ ਵਿੱਕੀ ਬਲਾਕ ਸੰਮਤੀ ਮੈਂਬਰ, ਅਮਰਜੀਤ ਦੁਭਾਲੀ ਆਦਿ ਵੀ ਹਾਜ਼ਰ ਸਨ।







