ਚੰਡੀਗੜ੍ਹ, 2 ਸਤੰਬਰ 2026 (ਜਗਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਥਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਤੀਜੀ ਵਾਰ ਪੰਜਾਬ ਪੁਲਿਸ ਨੂੰ ਪੱਤਰ ਭੇਜੇ ਜਾਣ ਦੇ ਬਾਵਜੂਦ ਨਿਤਿਨ ਗੋਹਿਲ ਅਤੇ ਹੋਰ ਕਥਿਤ ਮੁਲਜ਼ਮਾਂ ਖ਼ਿਲਾਫ਼ ਅਜੇ ਤੱਕ FIR ਕਿਉਂ ਦਰਜ ਨਹੀਂ ਕੀਤੀ ਗਈ। ਸੁਖਬੀਰ ਬਾਦਲ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਤਿੰਨ ਪੱਤਰ ਭੇਜੇ ਜਾਣ ਅਤੇ ਹੋਰ ਵੱਧ ਸਬੂਤ ਸਾਹਮਣੇ ਆਉਣ ਦੇ ਬਾਵਜੂਦ FIR ਦਰਜ ਨਾ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ED ਨੇ ਤੀਜੀ ਵਾਰ ਪੰਜਾਬ ਪੁਲਿਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਨੂੰ ਹਿਲਾ ਦੇਣ ਵਾਲੇ ਇਸ ਹਾਈ–ਪ੍ਰੋਫਾਈਲ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਿਤਿਨ ਗੋਹਿਲ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਤੁਰੰਤ FIR ਦਰਜ ਕੀਤੀ ਜਾਵੇ। ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ED ਵੱਲੋਂ ਇਸ ਵਾਰ ਮਾਮਲੇ ਨਾਲ ਸਬੰਧਤ ਵਾਧੂ ਸਬੂਤ ਵੀ ਪੇਸ਼ ਕੀਤੇ ਗਏ ਹਨ। ਇਨ੍ਹਾਂ ਵਿੱਚ ਚੈਟਸ, ਸਕ੍ਰੀਨਸ਼ਾਟ ਅਤੇ ਪ੍ਰਮਾਣਿਤ ਇਲੈਕਟ੍ਰਾਨਿਕ ਰਿਕਾਰਡ ਸ਼ਾਮਲ ਦੱਸੇ ਜਾ ਰਹੇ ਹਨ। ਸੁਖਬੀਰ ਬਾਦਲ ਨੇ ਸਰਕਾਰ ਤੋਂ ਮੰਗ ਕੀਤੀ ਕਿ ED ਵੱਲੋਂ ਵਾਰ–ਵਾਰ ਭੇਜੇ ਜਾ ਰਹੇ ਪੱਤਰਾਂ ਅਤੇ ਪੇਸ਼ ਕੀਤੇ ਸਬੂਤਾਂ ਦੇ ਬਾਵਜੂਦ FIR ਦਰਜ ਨਾ ਕਰਨ ਦਾ ਕਾਰਨ ਜਨਤਕ ਕੀਤਾ ਜਾਵੇ।







