ਕੀਵ, 22 ਅਗਸਤ 2026 (ਰਾਜੇਸ਼ ਕੁਮਾਰ) : ਯੂਕਰੇਨ ਦੇ ਕੇਂਦਰੀ ਸ਼ਹਿਰ ਕ੍ਰਿਵੀਈ ਰਿਹ ਵਿੱਚ ਸ਼ੁੱਕਰਵਾਰ ਨੂੰ ਰੂਸੀ ਡਰੋਨਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕ੍ਰਿਵੀਈ ਰਿਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਦਾ ਜਨਮਸਥਾਨ ਵੀ ਹੈ। ਸਥਾਨਕ ਪ੍ਰਸ਼ਾਸਨ ਦੇ ਮੁਖੀ ਓਲੇਕਸਾਂਦਰ ਵਿਲਕੁਲ ਮੁਤਾਬਕ ਹਮਲੇ ਵਿੱਚ 121 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ 22 ਬੱਚੇ ਵੀ ਸ਼ਾਮਲ ਹਨ। ਮਲਬਾ ਹਟਾਉਣ ਅਤੇ ਰਾਹਤ-ਬਚਾਅ ਕਾਰਜ ਜਾਰੀ ਰਹੇ। ਰਾਸ਼ਟਰਪਤੀ ਜ਼ੇਲੈਂਸਕੀ ਨੇ ਹਮਲੇ ਨੂੰ “ਡਬਲ-ਟੈਪ” ਹਮਲਾ ਦੱਸਿਆ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਵਿੱਚ ਪਹਿਲਾਂ ਡਰੋਨਾਂ ਰਾਹੀਂ ਕਿਸੇ ਖੇਤਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਦੂਜਾ ਹਮਲਾ ਰਾਹਤ ਅਤੇ ਐਮਰਜੈਂਸੀ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਸਮੇਂ ਕੀਤਾ ਜਾਂਦਾ ਹੈ। ਜ਼ੇਲੈਂਸਕੀ ਨੇ ਇਸ ਤਰ੍ਹਾਂ ਦੇ ਹਮਲਿਆਂ ਨੂੰ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਕਰਾਰ ਦਿੰਦਿਆਂ ਜਵਾਬੀ ਕਾਰਵਾਈ ਦੀ ਗੱਲ ਵੀ ਕਹੀ।
ਸ਼ੁੱਕਰਵਾਰ ਨੂੰ ਯੂਕਰੇਨ ਦੇ ਹੋਰ ਇਲਾਕਿਆਂ ਵਿੱਚ ਵੀ ਹਮਲੇ ਹੋਏ। ਖਾਰਕੀਵ ਖੇਤਰ ਵਿੱਚ ਰੂਸੀ ਡਰੋਨ ਹਮਲੇ ਕਾਰਨ 73 ਅਤੇ 66 ਸਾਲ ਦੀਆਂ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖ਼ਮੀ ਹੋਏ। ਦੱਖਣੀ ਮਿਕੋਲਾਇਵ ਖੇਤਰ ਵਿੱਚ ਹੋਏ ਇੱਕ ਹੋਰ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਤਿੰਨ ਬੱਚੇ ਦੱਸੇ ਗਏ ਹਨ। ਇਨ੍ਹਾਂ ਹਮਲਿਆਂ ਨੂੰ ਮਿਲਾ ਕੇ ਦਿਨ ਭਰ ਵਿੱਚ ਯੂਕਰੇਨ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ। ਯੂਕਰੇਨ ਦੀ ਹਵਾਈ ਸੈਨਾ ਨੇ ਦੱਸਿਆ ਕਿ ਰੂਸ ਵੱਲੋਂ ਰਾਤ ਸਮੇਂ ਦਾਗੇ ਗਏ 135 ਡਰੋਨਾਂ ਵਿੱਚੋਂ 107 ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਰੋਕਿਆ ਜਾਂ ਨਸ਼ਟ ਕੀਤਾ। ਇਸ ਦੌਰਾਨ ਰੂਸ ਦੇ ਬੇਲਗੋਰੋਦ ਖੇਤਰ ਵਿੱਚ ਇੱਕ ਯੂਕਰੇਨੀ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਰੂਸੀ ਅਧਿਕਾਰੀਆਂ ਮੁਤਾਬਕ ਹਮਲੇ ਵਿੱਚ ਇੱਕ ਵਾਹਨ ਨੂੰ ਨੁਕਸਾਨ ਪਹੁੰਚਿਆ ਅਤੇ ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ।
ਜ਼ੇਲੈਂਸਕੀ ਨੇ ਇਹ ਵੀ ਦਾਅਵਾ ਕੀਤਾ ਕਿ ਯੂਕਰੇਨੀ ਡਰੋਨ ਰੂਸ ਦੇ ਪਰਮ ਸ਼ਹਿਰ ਵਿੱਚ ਇੱਕ ਤੇਲ ਰਿਫਾਈਨਰੀ ਅਤੇ ਵੋਲਗੋਗ੍ਰਾਦ ਖੇਤਰ ਵਿੱਚ ਮਰੀਨੋਵਕਾ ਫੌਜੀ ਹਵਾਈ ਅੱਡੇ ਤੱਕ ਪਹੁੰਚੇ। ਰੂਸੀ ਮੀਡੀਆ ਰਿਪੋਰਟਾਂ ਮੁਤਾਬਕ ਪਰਮ ਸਥਿਤ ਇੱਕ ਲੂਕਆਇਲ ਰਿਫਾਈਨਰੀ ਵਿੱਚ ਡਰੋਨ ਕਾਰਨ ਅੱਗ ਲੱਗੀ, ਜਦਕਿ ਸਥਾਨਕ ਅਧਿਕਾਰੀਆਂ ਨੇ ਇੱਕ ਉਦਯੋਗਿਕ ਸਥਾਪਨਾ ਨੂੰ ਨੁਕਸਾਨ ਹੋਣ ਦੀ ਪੁਸ਼ਟੀ ਕੀਤੀ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਤ ਦੌਰਾਨ 15 ਖੇਤਰਾਂ ਅਤੇ ਕ੍ਰਾਈਮੀਆ ਉੱਪਰ 325 ਯੂਕਰੇਨੀ ਡਰੋਨਾਂ ਨੂੰ ਨਸ਼ਟ ਜਾਂ ਰੋਕਿਆ। ਬਾਅਦ ਵਿੱਚ ਦਿਨ ਦੌਰਾਨ ਹੋਰ 211 ਡਰੋਨਾਂ ਨੂੰ ਵੀ ਰੋਕੇ ਜਾਣ ਦਾ ਦਾਅਵਾ ਕੀਤਾ ਗਿਆ।
ਯੂਕਰੇਨ ਅਤੇ ਰੂਸ ਵਿਚਾਲੇ ਲੰਬੀ ਦੂਰੀ ਵਾਲੇ ਡਰੋਨ ਹਮਲਿਆਂ ਵਿੱਚ ਹਾਲੀਆ ਸਮੇਂ ਦੌਰਾਨ ਤੇਜ਼ੀ ਆਈ ਹੈ। ਵਿਸ਼ਲੇਸ਼ਕਾਂ ਮੁਤਾਬਕ ਜ਼ਮੀਨੀ ਮੋਰਚੇ ’ਤੇ ਹਮਲਿਆਂ ਦੀ ਰਫ਼ਤਾਰ ਹੌਲੀ ਹੋਣ ਦੇ ਬਾਵਜੂਦ ਦੋਵੇਂ ਧਿਰਾਂ ਡਰੋਨਾਂ ਅਤੇ ਹੋਰ ਆਧੁਨਿਕ ਤਕਨੀਕਾਂ ਰਾਹੀਂ ਇੱਕ-ਦੂਜੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਯੂਕਰੇਨ ਨੇ ਪਿਛਲੇ ਇੱਕ ਸਾਲ ਦੌਰਾਨ ਲੰਬੀ ਦੂਰੀ ਤੱਕ ਹਮਲਾ ਕਰਨ ਸਮਰੱਥ ਦੇਸ਼ ਵਿੱਚ ਤਿਆਰ ਕੀਤੇ ਡਰੋਨਾਂ ਦੀ ਗਿਣਤੀ ਅਤੇ ਵਰਤੋਂ ਵਧਾਈ ਹੈ। ਕੀਵ ਦਾ ਕਹਿਣਾ ਹੈ ਕਿ ਰੂਸੀ ਖੇਤਰ ਵਿੱਚ ਹਮਲਿਆਂ ਰਾਹੀਂ ਰੂਸੀ ਜਨਤਾ ’ਤੇ ਜੰਗ ਦੇ ਪ੍ਰਭਾਵ ਨੂੰ ਉਜਾਗਰ ਕਰਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਗੱਲਬਾਤ ਰਾਹੀਂ ਸ਼ਾਂਤੀ ਲਈ ਦਬਾਅ ਬਣਾਇਆ ਜਾ ਸਕਦਾ ਹੈ। ਹਾਲਾਂਕਿ ਰੂਸੀ ਰਾਸ਼ਟਰਪਤੀ ਵੱਲੋਂ ਜੰਗ ਰੋਕਣ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲੇ ਹਨ।






