ਮਨੁੱਖੀ ਅੰਗਦਾਨ ਮੌਤ ਤੋਂ ਬਾਅਦ ਵੀ ਜ਼ਿੰਦਗੀ ਬਚਾਉਣ ਦਾ ਉੱਤਮ ਜ਼ਰੀਆ: ਹਰਦੀਪ ਸਿੰਘ ਸਨੌਰ ਤੇ ਅਨਿਲ ਕੁਮਾਰ ਭਾਰਤੀ
ਪਟਿਆਲਾ, 18 ਅਗਸਤ (ਵਿਸ਼ਾਲ ਗੁਪਤਾ): ਜੀਵਨ ਦੌਰਾਨ ਖੂਨਦਾਨ ਦੀ ਮੁਹਿੰਮ ਵਿੱਚ ਪਿਛਲੇ 20 ਸਾਲਾਂ ਤੋਂ ਸਰਗਰਮ ਰਹਿੰਦਿਆਂ 1150 ਤੋਂ ਵੱਧ ਖੂਨਦਾਨ ਕੈਂਪਾਂ ਰਾਹੀਂ 36 ਹਜ਼ਾਰ ਤੋਂ ਵੱਧ ਯੂਨਿਟ ਖੂਨ ਇਕੱਠਾ ਕਰਕੇ ਹਜ਼ਾਰਾਂ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਾਲੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਹੁਣ ਮਰਨੋਪਰਾਂਤ ਸਰੀਰਦਾਨ ਅਤੇ ਮਨੁੱਖੀ ਅੰਗਦਾਨ ਲਈ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
‘ਵਿਸ਼ਵ ਮਨੁੱਖੀ ਅੰਗਦਾਨ ਦਿਵਸ’ ਦੇ ਸੰਦਰਭ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਸਰੀਰਦਾਨੀ ਸਵਰਗੀ ਕੈਪਟਨ ਲਾਭ ਸਿੰਘ ਸੋਹਲ ਦੇ ਸਪੁੱਤਰ ਅਤੇ ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ ਵੱਲੋਂ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਦੇ ਨਾਮ ਅੰਗਦਾਨ/ਸਰੀਰਦਾਨ ਲਈ ਫਾਰਮ ਭਰ ਕੇ ਕੀਤੀ ਗਈ।
ਇਸ ਮੌਕੇ ਮਿਸ਼ਨ ਦੇ ਸੰਸਥਾਪਕ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਜਿਉਂਦੇ ਜੀ ਖੂਨਦਾਨ, ਮਰਨੋਪਰਾਂਤ ਨੇਤਰਦਾਨ, ਅੰਗਦਾਨ ਅਤੇ ਸਰੀਰਦਾਨ ਕਰਨਾ ਅਜਿਹੀ ਨਿਸ਼ਕਾਮ ਸੇਵਾ ਹੈ, ਜਿਸ ਰਾਹੀਂ ਇਨਸਾਨ ਮੌਤ ਤੋਂ ਬਾਅਦ ਵੀ ਲੋੜਵੰਦ ਮਰੀਜ਼ਾਂ ਲਈ ਜੀਵਨ ਦਾ ਸਹਾਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਵੱਲੋਂ ਸੁਖਦੀਪ ਸਿੰਘ ਸੋਹਲ ਨੂੰ ਅੰਗਦਾਨ ਮੁਹਿੰਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਨਾਲ ਜੁੜਨ ਵਾਲੇ ਲੋਕਾਂ ਦੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਹੈ।
ਅੰਤਰਰਾਸ਼ਟਰੀ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਕਿਹਾ ਕਿ ਮਨੁੱਖੀ ਅੰਗਦਾਨ ਰਾਹੀਂ ਨਾ ਸਿਰਫ਼ ਆਪਸੀ ਭਾਈਚਾਰੇ ਅਤੇ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ, ਸਗੋਂ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਵੀ ਸਮਾਜ ਵਿੱਚ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਰਾਹੀਂ ਕਈ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ ਅਤੇ ਉਹ ਮੁੜ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ।
ਇਸ ਮੌਕੇ ਜਥੇਦਾਰ ਕਰਨ ਸਿੰਘ ਜੌਲੀ, ਵਿਜੇ ਸ਼ਰਮਾ ਥੇੜੀ ਅਤੇ ਅਮਿਤ ਦੂਬੇ ਵੀ ਹਾਜ਼ਰ ਸਨ।






